ਪੰਜਾਬ ਸਰਕਾਰ ਨੇ ਪਸ਼ੂ ਮੇਲੇ ਕਰਾਉਣ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਲਈ ਰੱਖੀ ਇਹ ਸ਼ਰਤ
Tuesday, Oct 18, 2022 - 09:50 PM (IST)
ਚੰਡੀਗੜ੍ਹ (ਬਿਊਰੋ) : ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਤਿੰਨ ਮੈਂਬਰੀ ਮੰਤਰੀ ਸਮੂਹ ਨੇ ਅੱਜ ਸੂਬੇ 'ਚ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਨੂੰ ਕੁਝ ਸ਼ਰਤਾਂ 'ਤੇ ਆਧਾਰਤ ਪ੍ਰਵਾਨਗੀ ਦੇ ਦਿੱਤੀ। ਪੰਜਾਬ ਭਵਨ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮੰਤਰੀ ਸਮੂਹ ਵੱਲੋਂ ਪਸ਼ੂ ਪਾਲਣ ਵਿਭਾਗ ਨਾਲ ਲੰਪੀ ਸਕਿਨ ਬਿਮਾਰੀ ਸਬੰਧੀ ਰੋਕਥਾਮ ਕਾਰਜਾਂ ਦੀ ਸਮੀਖਿਆ ਲਈ ਮੀਟਿੰਗ ਕੀਤੀ ਗਈ ਸੀ।
ਇਸ ਦੌਰਾਨ ਵਿਭਾਗ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਸੂਬੇ 'ਚ ਲੰਪੀ ਸਕਿਨ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਲਈ ਕੁੱਝ ਉਪਾਅ ਅਪਣਾਉਂਦਿਆਂ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ 'ਤੇ ਪਾਬੰਦੀ ਹਟਾਈ ਜਾ ਸਕਦੀ ਹੈ। ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮੰਤਰੀ ਸਮੂਹ ਨੇ ਇਸ ਸ਼ਰਤ 'ਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਪਸ਼ੂਆਂ ਦਾ ਟੀਕਾਕਰਨ ਹੋਣਾ ਲਾਜ਼ਮੀ ਹੈ ਅਤੇ ਵਪਾਰੀ ਜਾਂ ਕਿਸਾਨ ਆਪਣੇ ਨਾਲ ਟੀਕਾਕਰਨ ਸਰਟੀਫਿਕੇਟ ਲੈ ਕੇ ਆਉਣ।
ਇਹ ਖ਼ਬਰ ਵੀ ਪੜ੍ਹੋ - MP ਬਿੱਟੂ ਦੀ PM ਮੋਦੀ ਨੂੰ ਚਿੱਠੀ, ਪੰਜਾਬ 'ਚ ਪੜ੍ਹਦੇ ਅਫ਼ਰੀਕੀ ਵਿਦਿਆਰਥੀਆਂ ਨੂੰ ਲੈ ਕੇ ਕੀਤੀ ਇਹ ਮੰਗ
ਮੰਤਰੀ ਸਮੂਹ ਨੇ ਪਸ਼ੂ ਪਾਲਣ ਵਿਭਾਗ ਨੂੰ ਲੰਪੀ ਸਕਿਨ ਬੀਮਾਰੀ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਸੂਬੇ 'ਚ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਲਈ ਵੱਖਰੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ। ਮੰਤਰੀਆਂ ਨੇ ਵਿਭਾਗ ਨੂੰ ਪਸ਼ੂ ਮੇਲਿਆਂ 'ਤੇ ਵੈਟਰਨਰੀ ਡਾਕਟਰਾਂ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਇਨ੍ਹਾਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਮੰਤਰੀਆਂ ਨੇ ਨਾਭਾ ਸੀਮਨ ਸਟੇਸ਼ਨ ਦੇ ਇਕ ਯੂਨਿਟ, ਜਿੱਥੇ ਸੀਮਨ ਦਾ ਸੈਂਪਲ ਲੰਪੀ ਸਕਿਨ ਬੀਮਾਰੀ ਲਈ ਪਾਜ਼ੇਟਿਵ ਪਾਇਆ ਗਿਆ ਸੀ, ਨੂੰ ਛੱਡ ਕੇ ਸਾਰੇ ਸੀਮਨ ਉਤਪਾਦਨ ਸਟੇਸ਼ਨਾਂ 'ਤੇ ਪਾਬੰਦੀ ਵੀ ਹਟਾ ਦਿੱਤੀ ਹੈ। ਸਾਰੇ ਸਟੇਸ਼ਨਾਂ 'ਤੇ ਸੀਮਨ ਦੇ ਨਮੂਨਿਆਂ ਦੀ ਰੈਂਡਮ ਜਾਂਚ ਕਰਨ ਸਣੇ ਨਾਭਾ ਸਟੇਸ਼ਨ 'ਤੇ ਸੀਮਨ ਦੇ ਸਾਰੇ ਨਮੂਨਿਆਂ ਦੀ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਮੰਤਰੀ ਸਮੂਹ ਨੂੰ ਦੱਸਿਆ ਕਿ ਵਿਭਾਗ ਵੱਲੋਂ ਲੰਪੀ ਸਕਿਨ ਬੀਮਾਰੀ ਨੂੰ ਕੌਮੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ 'ਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਲਈ ਉਪਰਾਲੇ ਕੀਤੇ ਹਨ ਤਾਂ ਜੋ ਇਸ ਬਿਮਾਰੀ ਲਈ ਮੁਫ਼ਤ ਟੀਕਾਕਰਨ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਪਸ਼ੂ ਪਾਲਣ ਵਿਭਾਗ ਨੇ ਭਰੋਸਾ ਦਿਵਾਇਆ ਹੈ ਕਿ ਇਹ ਮਾਮਲਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਚਰਚਾ ਲਈ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਇਨ੍ਹਾਂ ਮੁੱਦਿਆਂ ਦੇ ਜਲਦ ਹੱਲ ਲਈ ਕੇਂਦਰੀ ਪਸ਼ੂ ਪਾਲਣ ਮੰਤਰੀ ਕੋਲ ਇਹ ਮੁੱਦੇ ਚੁੱਕਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਲਾਲਜੀਤ ਸਿੰਘ ਭੁੱਲਰ ਨੇ ਮੱਛੀ ਪਾਲਣ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਜ਼ਿਲ੍ਹਾ ਪਠਾਨਕੋਟ 'ਚ ਗਲ-ਘੋਟੂ ਵੈਕਸੀਨ ਦੀਆਂ ਮਿਆਦ ਪੁੱਗੀਆਂ 19,150 ਖੁਰਾਕਾਂ ਦੇ ਮਾਮਲੇ 'ਚ ਕੈਬਨਿਟ ਮੰਤਰੀਆਂ ਨੇ ਪਸ਼ੂ ਪਾਲਣ ਵਿਭਾਗ ਨੂੰ 20 ਦਿਨਾਂ ਦੇ ਅੰਦਰ-ਅੰਦਰ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।