ਔਜਲਾ ਨੇ ਪੰਜਾਬੀਆਂ ਨੂੰ ਦਿੱਤੀ ਇਕ ਹੋਰ ਖੁਸ਼ਖਬਰੀ, ਸਿੰਗਾਪੁਰ ਦਾ ਵੀਜ਼ਾ ਲੈਣ ਦੀ ਲੋੜ ਖਤਮ

12/23/2017 7:48:20 AM

ਅੰਮ੍ਰਿਤਸਰ (ਵਾਲੀਆ) - ਅੰਮ੍ਰਿਤਸਰ ਤੋਂ ਨੌਜਵਾਨ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਅਣਥੱਕ ਯਤਨਾਂ ਸਦਕਾ ਪੰਜਾਬੀਆਂ ਨੂੰ ਇਕ ਹੋਰ ਖੁਸ਼ਖਬਰੀ ਦਿੰਦਿਆਂ 8 ਮਾਰਚ 2018 ਤੋਂ ਸਕੂਟ ਹਵਾਈ ਕੰਪਨੀ ਵੱਲੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਮੇਤ ਯੂਰਪੀਅਨ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਲਈ ਸਿੰਗਾਪੁਰ ਦਾ ਵੀਜ਼ਾ ਲੈਣ ਦੀ ਸ਼ਰਤ ਖਤਮ ਹੋਣ ਜਾ ਰਹੀ ਹੈ।  ਇਸ ਸਬੰਧੀ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਹਵਾਈ ਕੰਪਨੀ ਸਕੂਟ ਨੂੰ ਸਿੰਗਾਪੁਰ ਹਵਾਈ ਅੱਡੇ ਲਈ ਟਰਾਂਜ਼ੈਂਟ ਹੱਬ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਵੈਸਟ ਅਮਰੀਕਾ ਸਮੇਤ ਯੂਰਪੀਅਨ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਮਦਦ ਮਿਲੇਗੀ ਅਤੇ ਯਾਤਰੀ ਬਹੁਤ ਘੱਟ ਸਮੇਂ 'ਚ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਪਣੀ ਮੰਜ਼ਿਲ 'ਤੇ ਪਹੁੰਚਣਗੇ, ਜਦਕਿ ਇਸ ਤੋਂ ਪਹਿਲਾਂ ਜਦ ਵੀ ਕਿਸੇ ਯਾਤਰੀ ਨੇ ਸਕੂਟ ਹਵਾਈ ਕੰਪਨੀ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੁੰਦਾ ਸੀ ਤਾਂ ਉਸ ਨੂੰ ਪਹਿਲਾਂ ਸਿੰਗਾਪੁਰ ਦਾ ਵੀਜ਼ਾ ਲੈਣਾ ਪੈਂਦਾ ਸੀ, ਜੋ ਕਿ 8 ਮਾਰਚ 2018 ਤੋਂ ਬਾਅਦ ਲੈਣ ਦੀ ਲੋੜ ਨਹੀਂ ਰਹੇਗੀ।
ਇਸ ਮੌਕੇ ਔਜਲਾ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਧੰਨਵਾਦ ਕਰਦਿਆਂ ਅੰਮ੍ਰਿਤਸਰ ਦੇ ਹਵਾਈ ਅੱਡੇ ਲਈ ਦੂਸਰੇ ਟਰਮੀਨਲ ਦੀ ਮੰਗ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਸਾਲ ਵਿਚ ਕਰੀਬ 20 ਲੱਖ ਤੋਂ ਵੱਧ ਸੈਲਾਨੀ ਆ-ਜਾ ਰਹੇ ਹਨ ਅਤੇ ਹਰ ਰੋਜ਼ ਸੈਲਾਨੀਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਲਈ ਇਕ ਟਰਮੀਨਲ ਬਹੁਤ ਛੋਟਾ ਹੈ। ਔਜਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ਦੇ ਵਾਧੇ ਲਈ ਹਵਾਈ ਸੈਨਾ ਕੋਲ ਹਵਾਈ ਅੱਡੇ ਦੀ 17 ਏਕੜ ਜਗ੍ਹਾ ਦੀ ਪ੍ਰਾਪਤੀ ਲਈ ਸ਼ਹਿਰੀ ਹਵਾਬਾਜ਼ੀ ਅਤੇ ਰੱਖਿਆ ਮੰਤਰਾਲੇ ਨਾਲ ਗੱਲਬਾਤ ਕਰਨਗੇ ਤਾਂ ਜੋ ਯਾਤਰੀਆਂ ਦੀ ਸਹੂਲਤ ਲਈ ਹੋਰ ਪ੍ਰਬੰਧ ਕੀਤੇ ਜਾ ਸਕਣ।
ਔਜਲਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਮੰਗ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ 800 ਟਨ ਸਬਜ਼ੀਆਂ, ਫਲ, ਅਨਾਜ ਤੇ ਹੋਰ ਵਸਤਾਂ ਸਾਂਭਣ ਲਈ ਪੂਰੇ ਪ੍ਰਬੰਧ ਹਨ ਅਤੇ ਇਸ ਲਈ ਕਾਰਗੋ ਦੀ ਵਿਸ਼ੇਸ਼ ਉਡਾਣ ਸ਼ੁਰੂ ਕੀਤੀ ਜਾਵੇ ਤਾਂ ਜੋ ਪੰਜਾਬ, ਜੰਮੂ-ਕਸ਼ਮੀਰ ਤੇ ਹਿਮਾਚਲ ਦੇ ਕਿਸਾਨਾਂ ਤੇ ਵਪਾਰੀਆਂ ਨੂੰ ਲਾਭ ਹੋ ਸਕੇ। ਅੱਜ ਤੋਂ ਸ਼ੁਰੂ ਹੋ ਰਹੀ ਅੰਮ੍ਰਿਤਸਰ-ਨੰਦੇੜ ਉਡਾਣ ਦੀ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।


Related News