ਭਾਰਤੀ ਸਟੇਟ ਬੈਂਕ ਬੁੱਲੋਵਾਲ ''ਚ ਗੋਲਡ ਲੋਨ ਦੀ ਆੜ ਹੇਠ ਕਰੋੜਾਂ ਦਾ ਘਪਲਾ!

Wednesday, Mar 14, 2018 - 05:02 PM (IST)

ਭਾਰਤੀ ਸਟੇਟ ਬੈਂਕ ਬੁੱਲੋਵਾਲ ''ਚ ਗੋਲਡ ਲੋਨ ਦੀ ਆੜ ਹੇਠ ਕਰੋੜਾਂ ਦਾ ਘਪਲਾ!

ਬੁੱਲ੍ਹੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ)-ਜ਼ਿਲਾ ਹੁਸ਼ਿਆਰਪੁਰ ਅਧੀਨ ਆਉਂਦੇ ਕਸਬਾ ਬੁਲ੍ਹੋਵਾਲ ਵਿਖੇ ਭਾਰਤੀ ਸਟੇਟ ਬੈਂਕ 'ਚ ਗੋਲਡ ਲੋਨ ਦੀ ਆੜ ਹੇਠ 4.65 ਕਰੋੜ ਰੁਪਏ ਦਾ ਘਪਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸ ਸਬੰਧੀ ਲੇਬਰ ਪਾਰਟੀ ਦੇ ਇਕ ਵਫਦ ਵੱਲੋਂ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਸੰਜੀਵ ਕੁਮਾਰ ਮੇਹਟੀਆਣਾ ਅਤੇ ਜਸਵਿੰਦਰ ਦੀ ਅਗਵਾਈ ਹੇਠ ਪੀੜਤ ਲੋਕਾਂ ਨੂੰ ਨਾਲ ਲੈ ਕੇ ਬੁਲ੍ਹੋਵਾਲ ਬੈਂਕ ਦੇ ਮੈਨੇਜਰ ਸਿਧਾਰਥ ਭੱਟੀ ਨੂੰ ਮਿਲਿਆ। ਇਸ ਮੌਕੇ ਬੈਂਕ ਦੇ ਮੈਨਜਰ ਨੇ ਦੱਸਿਆ ਕਿ ਬੈਂਕ 'ਚ ਗੋਲਡ ਲੋਨ ਹੋਇਆ ਅਤੇ ਗੋਲਡ ਦਾ ਸੁਨਿਆਰੇ ਕੋਲੋਂ ਤਸਦੀਕ ਸਰਟੀਫਿਕੇਟ ਵੀ ਲਿਆ ਗਿਆ ਪਰ ਗੋਲਡ ਸਬ ਸਟੈਂਡਰਡ ਨਿਕਲਿਆ ਹੈ, ਜਿਸ 'ਤੇ ਕਾਰਵਾਈ ਚੱਲ ਰਹੀ ਹੈ। ਧੀਮਾਨ ਨੇ ਲੱਖਾਂ ਰੁਪਏ ਕਰਜਾ ਲੈ ਚੁੱਕੇ ਕੁਝ ਲੋਕਾਂ ਦੇ ਘਰਾਂ 'ਚ ਜਾ ਕੇ ਦੇਖਿਆ ਅਤੇ ਘਰਾਂ ਦੀ ਹਾਲਤ ਖਸਤਾ ਸੀ ਅਤੇ ਇਸ ਗੋਲਡ ਲੋਨ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ । 
ਉਨ੍ਹਾਂ ਦੱਸਿਆ ਕਿ ਫਾਇਨੈਂਸਰਾਂ ਨੇ ਆਪਣੇ ਝਾਂਸੇ 'ਚ ਲੈ ਕੇ ਲੋੜਵੰਦ ਵਿਅਕਤੀਆਂ ਨੂੰ ਲੱਖਾਂ ਰੁਪਏ ਦਾ ਗੋਲਡ ਲੋਨ ਦਿਵਾਇਆ ਪਰ ਇਹ ਸਭ ਕੁਝ ਉਸ ਸਮੇਂ ਪਤਾ ਲੱਗਾ ਜਦੋਂ ਬੈਂਕ ਵਾਲਿਆਂ ਨੇ ਰੀਕਵਰੀ ਲਈ ਲੋਕਾਂ ਦੇ ਘਰਾਂ 'ਚ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਲੋਕਾਂ ਉੱਤੇ ਲੋਨ ਵਾਪਿਸ ਕਰਨ ਦਾ ਦਬਾਅ ਬਣਾਇਆ ਗਿਆ ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਾਮ 'ਤੇ ਲੱਖਾਂ ਰੁਪਏ ਦਾ ਲੋਨ ਚੱਲ ਰਿਹਾ ਹੈ ਪਰ ਵਾਪਸ ਨਹੀਂ ਕੀਤਾ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਨੇ ਕਿਹਾ ਕਿ ਲਗਭਗ 4000 ਤੋਂ ਵੱਧ ਲੋਕਾਂ ਨਾਲ ਧੋਖਾ ਹੋਇਆ ਹੈ। 
ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਵੀ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਐੱਸ. ਬੀ. ਆਈ. ਬੁੱਲ੍ਹੋਵਾਲ ਦੇ ਮੈਨੇਜਰ ਸਿਧਾਰਥ ਭੱਟੀ ਨੇ ਕਿਹਾ ਕਿ ਹੋਈ ਧੋਖਾਦੇਹੀ ਸਬੰਧੀ ਉਸ ਸਮੇਂ ਪਤਾ ਚੱਲਿਆ ਜਦ ਕਿਸੇ ਗਾਹਕ ਦੀਆਂ ਗੋਲਡ ਲੋਨ ਦੀਆਂ ਕਿਸ਼ਤਾਂ ਨਾ ਮਿਲਣ ਕਾਰਨ ਜਦ ਉਸ ਦੇ ਸੋਨੇ ਨੂੰ ਲਾਕਰ 'ਚੋਂ ਕੱਢ ਕੇ ਦੇਖਿਆ ਤਾਂ ਉਹ ਸੋਨਾ ਕਾਲਾ ਪੈ ਚੁੱਕਾ ਸੀ। ਇਸ ਸਬੰਧੀ ਬੈਂਕ ਦੇ ਉੱਚ ਅਧਿਕਾਰੀਆ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ 2014 ਤੋਂ ਇਹ ਗੋਲਡ ਲੋਨ ਉਸ ਸਮੇਂ ਦੇ ਬੈਂਕ ਮੈਨੇਜਰਾਂ ਦੁਆਰਾ ਸਥਾਨਕ ਇਕ ਜਿਊਲਰ ਨੂੰ ਬੈਂਕ ਵੱਲੋਂ ਸੋਨੇ ਦੀ ਸਹੀ ਪਰਖ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਦੁਆਰਾ ਸੋਨੇ ਦੇ ਸ਼ੁੱਧ ਹੋਣ ਦੀ ਤਸਦੀਕ ਕਰਨ ਉਪਰੰਤ ਹੀ ਬੈਂਕ ਵਲੋਂ ਲੋਨ ਜਾਰੀ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ 2014 ਤੋਂ ਹੁਣ ਤੱਕ ਵੱਖ-ਵੱਖ ਲੋਕਾਂ ਨੂੰ ਜਾਰੀ ਕੀਤੇ ਗੋਲਡ ਲੋਨ 'ਚ ਲਗਭਗ ਕਰੋੜਾਂ ਰੁਪਏ ਦੀ ਰਾਸ਼ੀ ਬੇਨਕਾਬ ਹੋਣ ਦਾ ਖਦਸ਼ਾ ਹੈ। ਜਿਸ ਦੀ ਜਾਂਚ ਉੱਚ-ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।ਇਸ ਸਬੰਧੀ ਪੀੜਿਤ ਵਿਅਕਤੀਆਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਬੈਂਕ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਮੋਨੀਆ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਦਲਜੀਤ ਕੌਰ, ਕਸ਼ਮੀਰ ਕੌਰ ਆਦਿ ਹਾਜ਼ਰ ਸਨ।


Related News