ਘਰ ''ਚ ਦੱਬੇ ਸੋਨੇ ''ਤੇ ਬੈਠੇ ਸੱਪ ਦੀ ਗੱਲ ਨੇ ਘੁੰਮਣਘੇਰੀ ''ਚ ਪਾਇਆ ਡੇਅਰੀ ਮਾਲਕ, ਹੈਰਾਨ ਕਰ ਦੇਵੇਗੀ ਅਖ਼ੀਰ ਦੀ ਕਹਾਣੀ
Wednesday, May 05, 2021 - 03:57 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਜ਼ਦੀਕੀ ਪਿੰਡ ਹਸਨਪੁਰ ਪ੍ਰੋਹਤਾ ਵਿਖੇ ਲਖਬੀਰ ਸਿੰਘ ਡੇਅਰੀ ਮਾਲਕ ਤੋਂ ਰਾਮ ਪੁਜਾਰੀ ਨੇ ਉਸ ਦੇ ਘਰ ਵਿਚ ਸੋਨੇ ਦਾ ਘੜਾ ਦੱਬਿਆ ਹੋਣ ਦਾ ਲਾਲਚ ਦੇ ਕੇ ਉਸ ਤੋਂ 12 ਲੱਖ 30 ਹਜ਼ਾਰ ਰੁਪਏ ਠੱਗ ਲਏ। ਜਦੋਂ ਪੈਸੇ ਉਸ ਦੇ ਹੱਥ ਵਿਚ ਆ ਗਏ ਤਾਂ ਉਹ ਆਪਣਾ ਮੋਬਾਇਲ ਫੋਨ ਬੰਦ ਕਰਕੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਰਾਮ ਅਤੇ ਉਸ ਦੇ ਸਾਥੀ ਅਲੀ ਤੇ ਅਬਦੁੱਲਾ ਤਿੰਨਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ Twitter ਨੂੰ ਹਥਿਆਰ ਬਣਾ ਕੀਤਾ ਵੱਡਾ ਧਮਾਕਾ, ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਅਜੀਬ ਠੱਗੀ ਦਾ ਸ਼ਿਕਾਰ ਹੋਏ ਡੇਅਰੀ ਮਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸ ਦੀਆਂ ਗਾਵਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਨੇ ਕਿਸੇ ਦੇ ਕਹਿਣ ’ਤੇ ਪੁਜਾਰੀ ਰਾਮ ਨੂੰ ਹਵਨ ਲਈ ਬੁਲਾਇਆ। ਹਵਨ ਕਰਨ ਤੋਂ ਬਾਅਦ ਪੁਜਾਰੀ ਨੇ ਘਰ ਵਿਚ ਸੋਨੇ ਦਾ ਘੜਾ ਦੱਬਿਆ ਹੋਣ ਦੀ ਗੱਲ ਕਹੀ ਪਰ ਉਸ ਨੇ ਉਸ ਗੱਲ ਨੂੰ ਮਨ੍ਹਾਂ ਕਰ ਦਿੱਤਾ। ਦੋ ਦਿਨ ਬਾਅਦ ਪੁਜਾਰੀ ਫਿਰ ਉਨ੍ਹਾਂ ਦੇ ਘਰ ਆਇਆ ਤੇ ਉਨ੍ਹਾਂ ਨੂੰ ਮਿੱਟੀ ਦੇ ਘੜੇ ਵਿਚ ਸੋਨੇ ਦੇ ਬਿਸਕੁਟ ਅਤੇ ਸੋਨੇ ਦੀ ਮੂਰਤੀ ਆਦਿ ਦਿਖਾਈ ਅਤੇ ਉਸ ’ਤੇ ਇਕ ਬੈਠਾ ਹੋਇਆ ਸੱਪ ਵੀ ਦਿਖਾਇਆ। ਦਿਖਾਉਣ ਤੋਂ ਬਾਅਦ ਪੁਜਾਰੀ ਕਹਿਣ ਲੱਗਾ ਕਿ ਇਹ ਸੱਪ ਤੁਹਾਡੇ ਪੁੱਤਰ ਦੀ ਬਲੀ ਮੰਗ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ 'ਸੁਖਜਿੰਦਰ ਸ਼ੇਰਾ' ਦੀ ਮੌਤ
ਉਸ ਨੂੰ ਸ਼ਾਂਤ ਕਰਨ ਲਈ ਕੁੱਝ ਉਪਾਅ ਕਰਨੇ ਪੈਣਗੇ। ਇਸ ਲਈ ਉਸ ਨੇ 30 ਹਜ਼ਾਰ ਰੁਪਏ ਮੰਗੇ ਤਾਂ ਲਖਬੀਰ ਸਿੰਘ ਨੇ ਉਸ ਨੂੰ ਦੇ ਦਿੱਤੇ। ਬਾਅਦ ਵਿਚ ਉਸ ਨੇ ਆਪਣੇ ਸਾਥੀ ਸ਼ੇਖ ਅਤੇ ਅਬਦੁੱਲਾ ਨੂੰ ਬੁਲਾ ਕੇ ਉਨ੍ਹਾਂ ਦੀ ਮਦਦ ਨਾਲ 7 ਦਰਗਾਹਾਂ ’ਤੇ ਭੰਡਾਰਾ ਕਰਨ ਦੀ ਗੱਲ ਆਖੀ ਤੇ ਉਨ੍ਹਾਂ ਭੰਡਾਰਿਆਂ ਲਈ ਇਕ ਲੱਖ ਰੁਪਏ ਮੰਗੇ। ਉਹ ਵੀ ਲਖਬੀਰ ਸਿੰਘ ਨੇ ਪੁਜਾਰੀ ਰਾਮ ਨੂੰ ਦੇ ਦਿੱਤੇ। ਇਸ ਤੋਂ ਬਾਅਦ ਲਗਾਤਾਰ ਉਹ ਪੁਜਾਰੀ ਰਾਮ ਦੇ ਜਾਲ ਵਿਚ ਫਸਦਾ ਗਿਆ।
ਉਸ ਨੇ ਆਪਣੀ 25-30 ਲੱਖ ਦੀ ਡੇਅਰੀ ਸਾਢੇ 10 ਲੱਖ ਰੁਪਏ ਵਿਚ ਵੇਚ ਦਿੱਤੀ ਤੇ ਬਾਕੀ ਹੋਰ ਪੈਸੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਪੁਜਾਰੀ ਰਾਮ ਨੂੰ 12 ਲੱਖ 30 ਹਜ਼ਾਰ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਪੁਜਾਰੀ ਰਾਮ ਦਾ ਫੋਨ ਬੰਦ ਹੋ ਗਿਆ ਤੇ ਜਦੋਂ ਕੁੱਝ ਦਿਨਾਂ ਬਾਅਦ ਉਨ੍ਹਾਂ ਨੇ ਉਸ ਘੜੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਸੋਨੇ ਦੀ ਬਜਾਏ ਮਿੱਟੀ ਨਿਕਲੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ