ਰੱਬ ਨੇ ਕਿਸਾਨਾਂ ''ਤੇ ਢਾਹਿਆ ਕਹਿਰ

Tuesday, Aug 15, 2017 - 12:28 AM (IST)

ਮੰਡੀ ਲੱਖੇਵਾਲੀ, (ਸੁਖਪਾਲ)- ਇਸ ਖੇਤਰ ਦੇ ਕਈ ਅਜਿਹੇ ਪਿੰਡ ਹਨ, ਜਿਥੇ ਕਿਸਾਨਾਂ ਨੂੰ ਫ਼ਸਲਾਂ ਲਈ ਨਹਿਰੀ ਪਾਣੀ ਦੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ, ਜਿਸ ਕਰਕੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਰੱਬ ਨੇ ਵੀ ਐਤਕੀ ਕਿਸਾਨਾਂ 'ਤੇ ਕਹਿਰ ਢਾਹਿਆ ਹੋਇਆ ਹੈ ਤੇ ਮੀਂਹ ਨਹੀਂ ਪਾ ਰਿਹਾ। ਕਿਸਾਨ ਝੋਨੇ ਤੇ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਖੇਤਾਂ ਵਿਚ ਡੀਜ਼ਲ ਵਾਲੇ ਇੰਜਣ ਰੱਖ ਕੇ ਟਿਊਬਵੈੱਲ ਚਲਾ ਰਹੇ ਹਨ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫ਼ਸਲਾਂ ਨੂੰ ਪਾਣੀ ਲਾਇਆ ਜਾ ਰਿਹਾ ਹੈ। ਪਿੰਡ ਰਹੂੜਿਆਂਵਾਲੀ ਨੇੜੇ ਡੀਜ਼ਲ ਇੰਜਣ ਨਾਲ ਟਿਊਬਵੈੱਲ ਚਲਾ ਕੇ ਝੋਨੇ ਨੂੰ ਪਾਣੀ ਲਾ ਰਹੇ ਇਕ ਕਿਸਾਨ ਨੇ ਦੱਸਿਆ ਕਿ ਇਸ ਤਰ੍ਹਾਂ ਪਾਣੀ ਲਾਉਣ ਨਾਲ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਕਿਉਂਕਿ ਇਕ ਲੀਟਰ ਡੀਜ਼ਲ 57 ਰੁਪਏ 8 ਪੈਸੇ ਦਾ ਆਉਂਦਾ ਹੈ। ਜਿਨ੍ਹਾਂ ਕਿਸਾਨਾਂ ਦੇ ਬਿਜਲੀ ਦੀਆਂ ਮੋਟਰਾਂ ਲੱਗੀਆਂ ਹਨ, ਉਹ ਤਾਂ ਮੁਫ਼ਤ ਵਿਚ ਹੀ ਬਿਜਲੀ 'ਤੇ ਟਿਊਬਵੈੱਲ ਚਲਾ ਰਹੇ ਹਨ ਪਰ ਜਿਨ੍ਹਾਂ ਕਿਸਾਨਾਂ ਦੇ ਮੋਟਰਾਂ ਨਹੀਂ ਲੱਗੀਆਂ, ਉਨ੍ਹਾਂ ਨੂੰ ਤਾਂ ਡੀਜ਼ਲ ਇੰਜਣ ਹੀ ਚਲਾਉਣੇ ਪੈਂਦੇ ਹਨ। 
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਖੇਤੀ ਲਈ ਨਹਿਰੀ ਪਾਣੀ ਪੂਰਾ ਕਰ ਕੇ ਦੇਵੇ ਤਾਂ ਫਿਰ ਅਜਿਹੇ ਹੂਲੇ ਫੱਕਣ ਦੀ ਜੱਟਾਂ ਨੂੰ ਕੀ ਲੋੜ ਹੈ।
ਇਸ ਵੇਲੇ ਹੱਦੋਂ ਵੱਧ ਗਰਮੀ ਪੈ ਰਹੀ ਹੈ, ਜਿਥੇ ਝੋਨੇ ਨੂੰ ਪਾਣੀ ਦੀ ਲੋੜ ਹੈ, ਉਥੇ ਨਰਮੇ ਦੀ ਫ਼ਸਲ ਵੀ ਪਾਣੀ ਮੰਗ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਬਲਾਕ ਪ੍ਰਧਾਨ ਕਾਮਰੇਡ ਜਗਦੇਵ ਸਿੰਘ ਤੇ ਬਲਾਕ ਸਕੱਤਰ ਸੁਖਰਾਜ ਸਿੰਘ ਰਹੂੜਿਆਂਵਾਲੀ ਨੇ ਕਿਹਾ ਕਿ ਕਿਸਾਨਾਂ ਸਿਰ ਕਰਜ਼ਾ ਚੜ੍ਹ ਹੀ ਤਾਂ ਰਿਹਾ ਹੈ ਕਿਉਂਕਿ ਖੇਤੀ 'ਤੇ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਹੈ ਪਰ ਫ਼ਸਲਾਂ ਦਾ ਝਾੜ ਘੱਟ ਹੈ ਤੇ ਕਿਸਾਨਾਂ ਨੂੰ ਫ਼ਸਲਾਂ ਦਾ ਭਾਅ ਵੀ ਘੱਟ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। 


Related News