ਚੰਡੀਗੜ੍ਹ : GMSH-16 'ਚ OPD ਦੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਕੀ ਕਰਨਾ ਪਵੇਗਾ

Thursday, Dec 01, 2022 - 12:22 PM (IST)

ਚੰਡੀਗੜ੍ਹ : GMSH-16 'ਚ OPD ਦੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਜਾਣੋ ਕੀ ਕਰਨਾ ਪਵੇਗਾ

ਚੰਡੀਗੜ੍ਹ (ਪਾਲ) : ਜੀ. ਐੱਮ. ਐੱਸ. ਐੱਚ.-16 'ਚ ਓ. ਪੀ. ਡੀ. ਰਜਿਸਟ੍ਰੇਸ਼ਨ ਲਈ ਸਕੈਨ ਅਤੇ ਸ਼ੇਅਰ ਸੈਲਫ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਦੀ ਮਦਦ ਨਾਲ ਹੁਣ ਓ. ਪੀ. ਡੀ. ਦੇ ਮਰੀਜ਼ਾਂ ਨੂੰ ਕਾਰਡ ਬਣਵਾਉਣ ਲਈ ਲੰਬੀਆਂ ਕਤਾਰਾਂ 'ਚ ਨਹੀਂ ਖੜ੍ਹਨਾ ਪਵੇਗਾ। ਸਹੂਲਤ ਦਾ ਲਾਭ ਲੈਣ ਲਈ ਮਰੀਜ਼ ਕੋਲ ਇਕ ਸਮਾਰਟ ਫ਼ੋਨ ਅਤੇ ਇਕ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ (ਏ. ਬੀ. ਐੱਚ. ਏ.) ਆਈ. ਡੀ. ਜਾਂ ਓ. ਟੀ. ਪੀ. ਆਧਾਰਿਤ ਰਜਿਸਟ੍ਰੇਸ਼ਨ ਮੋਬਾਇਲ ਨੰਬਰ ਨਾਲ ਜੁੜੀ ਹੋਣੀ ਚਾਹੀਦੀ ਹੈ। ਇਹ ਕਿਸੇ ਵੀ ਐਂਡਰਾਇਡ ਸਮਾਰਟਫੋਨ ਲਈ ਪਲੇਅ ਸਟੋਰ ਤੋਂ ਏ. ਬੀ. ਐੱਚ. ਏ. ਐਪ ਨੂੰ ਡਾਊਨਲੋਡ ਕਰਕੇ ਕੀਤਾ ਜਾ ਸਕਦਾ ਹੈ। ਏ. ਬੀ. ਐੱਚ. ਏ. ਆਈ. ਡੀ./ਨੰਬਰ ਦੀ ਵਰਤੋਂ ਕਰਕੇ ਐਪ 'ਚ ਰਜਿਸਟਰ ਕਰਨ ਅਤੇ ਲਾਗ ਇਨ ਕਰਨ ਤੋਂ ਬਾਅਦ ਮਰੀਜ਼ ਪ੍ਰੋਫਾਈਲ ਡਾਟਾ ਨੂੰ ਸਿਰਫ਼ ਇਕ ਵਾਰ ਭਰਿਆ ਜਾਣਾ ਚਾਹੀਦਾ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਹਸਪਤਾਲ 'ਚ ਕਿਊ. ਆਰ. ਕੋਡ ਨੂੰ ਸਕੈਨ ਕਰਨ ਤੋਂ ਬਾਅਦ ਮਰੀਜ਼ ਦਾ ਪ੍ਰੋਫਾਈਲ ਡਾਟਾ ਆਪਣੇ ਆਪ ਹਸਪਤਾਲ ਦੇ ਸਾਫਟਵੇਅਰ 'ਚ ਤਬਦੀਲ ਹੋ ਜਾਵੇਗਾ, ਜਿਸ ਤੋਂ ਬਾਅਦ ਮਰੀਜ਼ ਦੇ ਨਾਲ ਇਕ ਟੋਕਨ ਨੰਬਰ ਤਿਆਰ ਕੀਤਾ ਜਾਵੇਗਾ, ਜੋ ਕਿ 30 ਮਿੰਟ ਲਈ ਵੈਧ ਹੋਵੇਗਾ। ਮਰੀਜ਼ ਨੂੰ ਉਹ ਟੋਕਨ ਨੰਬਰ ਆਪਰੇਟਰ ਨੂੰ ਦਿਖਾਉਣਾ ਹੁੰਦਾ ਹੈ, ਜਿਸ ਤੋਂ ਬਾਅਦ ਉਹ ਉੱਥੋਂ ਸਿੱਧਾ ਓ. ਪੀ. ਡੀ. ਕਾਰਡ ਲੈ ਕੇ ਡਾਕਟਰ ਕੋਲ ਜਾ ਸਕਦਾ ਹੈ। ਫਿਲਹਾਲ ਇਹ ਸਹੂਲਤ ਰਜਿਸਟ੍ਰੇਸ਼ਨ ਨੰਬਰ 15 ’ਤੇ ਸ਼ੁਰੂ ਕੀਤੀ ਗਈ ਹੈ। ਲੋਕਾਂ ਦਾ ਰਿਸਪਾਂਸ ਦੇਖਣ ਤੋਂ ਬਾਅਦ ਇਸ ਨੂੰ ਹੋਰ ਕਾਊਂਟਰਾਂ ’ਤੇ ਵੀ ਚਾਲੂ ਕਰ ਦਿੱਤਾ ਜਾਵੇਗਾ। ਨਰਸਿੰਗ ਦੀਆਂ ਵਿਦਿਆਰਥਣਾਂ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਵਲੰਟੀਅਰਾਂ ਵਜੋਂ ਉਨ੍ਹਾਂ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਭਾਜਪਾ ਦੇ ਪੁਨਰਗਠਨ ਦਾ ਐਲਾਨ ਜਲਦੀ, ਅੱਧੀ ਤੋਂ ਵੱਧ ਟੀਮ ਦੀ ਛਾਂਟੀ ਤੈਅ
ਹਾਲੇ 50 ਤੋਂ 60 ਮਰੀਜ਼ ਆ ਰਹੇ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਮਰੀਜ਼ਾਂ ਲਈ ਇਹ ਇਕ ਨਵਾਂ ਅਤੇ ਬਹੁਤ ਵਧੀਆ ਉਪਰਾਲਾ ਹੈ। ਸਾਡੇ ਕੋਲ ਰੋਜ਼ਾਨਾ 2200 ਤੋਂ 2300 ਮਰੀਜ਼ਾਂ ਦੀ ਓ. ਪੀ. ਡੀ. ਰਜਿਸਟ੍ਰੇਸ਼ਨ ਹੁੰਦੀ ਹੈ। ਇਹ ਸਹੂਲਤ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ, ਜਿਸ ਦੀ ਮਦਦ ਨਾਲ 50 ਤੋਂ 60 ਲੋਕ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਲੋਕਾਂ ਦੀ ਮਦਦ ਲਈ ਸਟਾਫ਼ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੀ ਮਦਦ ਕਰੇ। ਇਹ ਮੁਸ਼ਕਲ ਪ੍ਰਕਿਰਿਆ ਨਹੀਂ ਹੈ। ਅੱਜ-ਕੱਲ੍ਹ ਹਰੇਕ ਕਿਸੇ ਕੋਲ ਸਮਾਰਟ ਫੋਨ ਹੈ, ਖ਼ਾਸ ਕਰ ਕੇ ਨੌਜਵਾਨ ਆਪਣੇ ਆਪ ਨੂੰ ਰਜਿਸਟਰ ਕਰਵਾ ਰਹੇ ਹਨ। ਅਜਿਹੇ ’ਚ ਲੰਬੀ ਲਾਈਨ ’ਚ ਕੁੱਝ ਕਮੀ ਆਈ ਹੈ।

ਇਹ ਵੀ ਪੜ੍ਹੋ : ਬਾਘਾਪੁਰਾਣਾ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕ ਖ਼ਿਲਾਫ਼ ਮਾਮਲਾ ਦਰਜ
ਈ-ਸੰਪਰਕ ਕੇਂਦਰ ਦੀ ਵੀ ਲੈ ਸਕਦੇ ਹੋ ਸਹੂਲਤ
ਜੀ. ਐੱਮ. ਐੱਸ. ਐੱਚ. ਓ. ਪੀ. ਡੀ. 'ਚ ਈ ਸੰਪਰਕ ਕੇਂਦਰ ਰਾਹੀਂ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਚੱਲ ਰਹੀ ਹੈ। ਮਰੀਜ਼ ਕਿਸੇ ਵੀ ਕੇਂਦਰ 'ਚ ਜਾ ਕੇ ਆਪਣਾ ਓ. ਪੀ. ਡੀ. ਰਜਿਸਟ੍ਰੇਸ਼ਨ ਕਾਰਡ ਲਿਆ ਸਕਦਾ ਹੈ। ਅਜਿਹੇ ’ਚ ਉਨ੍ਹਾਂ ਨੂੰ ਹਸਪਤਾਲ ਦੀਆਂ ਲੰਬੀਆਂ ਲਾਈਨਾਂ ’ਚ ਨਹੀਂ ਖੜ੍ਹਨਾ ਪੈਂਦਾ। ਭਾਵੇਂ ਇਸ ਸਹੂਲਤ ਨੂੰ ਸ਼ੁਰੂ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਲੋਕਾਂ ਵੱਲੋਂ ਇਸ ਸਹੂਲਤ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਨਵੀਂ ਰਜਿਸਟ੍ਰੇਸ਼ਨ ਸਹੂਲਤ ਇਕ ਨਵੀਂ ਪਹਿਲ ਹੈ, ਜਿਸ ਲਈ ਮੋਬਾਇਲ ਦੀ ਮਦਦ ਨਾਲ ਜਲਦੀ ਹੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : CBSE ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਜ਼ਰੂਰ ਪੜ੍ਹਨ ਇਹ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਸੈਲਫ ਰਜਿਸਟ੍ਰੇਸ਼ਨ ਕਿਵੇਂ ਕਰੀਏ
ਪੜਾਅ-1
ਹਸਪਤਾਲ ਦੇ ਰਜਿਸਟ੍ਰੇਸ਼ਨ ਕਾਊਂਟਰ ’ਤੇ ਕੋਡ ਨੂੰ ਸਕੈਨ ਕਰਨ ਲਈ ਕਿਸੇ ਵੀ ਕਿਊ. ਆਰ. ਕੋਡ ਸਕੈਨਰ ਜਾਂ ਫ਼ੋਨ ਕੈਮਰਾ ਜਾਂ ਹੇਠਾਂ ਦਿੱਤੇ ਏ. ਬੀ. ਡੀ. ਐੱਮ. ਸਮਰਥਿਤ ਐਪਸ ਦੀ ਵਰਤੋਂ ਕਰੋ।
ਪੜਾਅ-2
ਕੋਈ ਵੀ ਏ. ਬੀ. ਐੱਚ. ਏ. ਸਮਰਥਿਤ ਐਪ ਸਥਾਪਿਤ ਕਰੋ (ਜੇਕਰ ਪਹਿਲਾਂ ਤੋਂ ਸਥਾਪਿਤ ਨਹੀਂ ਹੈ) ਅਤੇ ਰਜਿਸਟਰ/ਲਾਗਇਨ ਕਰੋ
ਪੜਾਅ-3
ਹਸਪਤਾਲ ਨਾਲ ਆਪਣਾ ਪ੍ਰੋਫਾਈਲ ਸਾਂਝਾ ਕਰੋ ਅਤੇ ਰਜਿਸਟ੍ਰੇਸ਼ਨ ਟੋਕਨ ਪ੍ਰਾਪਤ ਕਰੋ।
ਪੜਾਅ-4
ਆਪਣਾ ਟੋਕਨ ਨੰਬਰ ਆਉਣ ’ਤੇ ਰਜਿਸਟ੍ਰੇਸ਼ਨ ਡੈੱਸਕ ਤੋਂ ਓ. ਪੀ. ਡੀ. ਸਲਿੱਪ ਲੈ ਕੇ ਡਾਕਟਰ ਨੂੰ ਮਿਲੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News