ਗਮਾਡਾ ਦੇ ਸਾਬਕਾ ਐੱਸ. ਈ. ਸਮੇਤ ਸਾਰੇ ਮੁਲਜ਼ਮ 6 ਦਿਨਾ ਪੁਲਸ ਰਿਮਾਂਡ ''ਤੇ
Sunday, Jun 11, 2017 - 10:11 AM (IST)
ਮੋਹਾਲੀ (ਕੁਲਦੀਪ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ ਕੀਤੇ ਗਏ ਗਮਾਡਾ ਦੇ ਸਾਬਕਾ ਐੱਸ. ਈ. ਸੁਰਿੰਦਰਪਾਲ ਸਿੰਘ ਤੇ ਦੋ ਹੋਰ ਮੁਲਜ਼ਮਾਂ ਗੁਰਮੇਜ ਸਿੰਘ ਗਿੱਲ ਤੇ ਮੋਹਿਤ ਕੁਮਾਰ ਨੂੰ ਅੱਜ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ 'ਚ ਮੁਲਜ਼ਮਾਂ ਦਾ 7 ਦਿਨ ਦਾ ਪੁਲਸ ਰਿਮਾਂਡ ਮੰਗਿਆ, ਜਿਸ ਦੌਰਾਨ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 6 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਹੁਣ ਉਨ੍ਹਾਂ ਨੂੰ 15 ਜੂਨ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਅਦਾਲਤ 'ਚ ਪੇਸ਼ੀ ਦੌਰਾਨ ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਗਮਾਡਾ 'ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਮਰਜ਼ੀ ਮੁਤਾਬਿਕ ਬਣਾਈਆਂ ਤਿੰਨ ਕੰਪਨੀਆਂ ਨੂੰ ਕਰੋੜਾਂ ਰੁਪਏ ਦੇ ਸਰਕਾਰੀ ਕੰਮ ਅਲਾਟ ਕੀਤੇ ਸਨ। ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਨੇ 8 ਲੱਖ ਰੁਪਏ ਨਕਦ, ਕੁਝ ਚੈੱਕ ਤੇ ਲੈਪਟਾਪ ਆਦਿ ਬਰਾਮਦ ਕੀਤੇ ਹਨ ਤੇ ਕਾਫੀ ਰਿਕਾਰਡ ਸੁਰਿੰਦਰਪਾਲ ਸਿੰਘ ਦੇ ਘਰੋਂ ਬਰਾਮਦ ਹੋਇਆ ਹੈ। ਵਿਜੀਲੈਂਸ ਨੇ ਹਾਲੇ ਤਿੰਨਾਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਨੀ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰਪਾਲ ਆਪਣੀ ਮਾਤਾ ਸਵਰਨਜੀਤ ਤੇ ਆਪਣੀ ਪਤਨੀ ਮਨਦੀਪ ਕੌਰ ਦੇ ਨਾਂ 'ਤੇ ਬਣਾਈਆਂ ਗਈਆਂ ਤਿੰਨ ਕੰਪਨੀਆਂ ਅਸੈੱਸ ਐਗਰੋ ਸੀਡਜ਼ ਪ੍ਰਾਈਵੇਟ ਲਿਮਟਿਡ, ਐਵਾਰਡ ਐਗਰੋ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਤੇ ਓਸਟਰ ਐਗਰੋ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਨੂੰ ਕੰਮ ਅਲਾਟ ਕਰਦਾ ਸੀ। ਸ਼ੁਰੂਆਤ 'ਚ ਇਨ੍ਹਾਂ ਕੰਪਨੀਆਂ ਦੀ ਟਰਨਓਵਰ ਤਿੰਨ ਤੋਂ ਚਾਰ ਕਰੋੜ ਰੁਪਏ ਦੀ ਸੀ, ਜੋ ਕਿ ਬੜੀ ਤੇਜ਼ੀ ਨਾਲ ਵਧ ਕੇ 300-400 ਕਰੋੜ ਰੁਪਏ ਹੋ ਗਈ। ਦਿਲਚਸਪ ਗੱਲ ਇਹ ਹੈ ਕਿ ਸੁਰਿੰਦਰਪਾਲ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪੈਸੇ ਦੀ ਟ੍ਰਾਂਜੈਕਸ਼ਨ ਖੁਦ ਕਰਦਾ ਸੀ। ਗੁਰਮੇਜ ਸਿੰਘ ਗਿੱਲ ਤੇ ਮੋਹਿਤ ਕੁਮਾਰ ਵੀ ਇਨ੍ਹਾਂ ਕੰਪਨੀਆਂ 'ਚ ਡਾਇਰੈਕਟਰ ਸਨ। ਗੁਰਮੇਜ ਸਿੰਘ ਗਿੱਲ ਰਿਟਾਇਰਡ ਐੱਸ. ਡੀ. ਓ. ਸਨ, ਜਦਕਿ ਮੋਹਿਤ ਦਾ ਪਿਤਾ ਵੀ ਰਿਟਾਇਰਡ ਅਧਿਕਾਰੀ ਹੈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਕਰੋੜਾਂ ਰੁਪਏ ਦੇ ਕੰਮ ਆਪਣੀਆਂ ਕੰਪਨੀਆਂ ਤੇ ਚਹੇਤੀਆਂ ਕੰਪਨੀਆਂ ਨੂੰ ਅਲਾਟ ਕਰਕੇ ਮੋਟੀ ਠੱਗੀ ਮਾਰੀ ਹੈ।
ਇਕ ਓਂਕਾਰ ਬਿਲਡਰਜ਼ ਐਂਡ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ, ਓਏਸਿਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਦੇ ਅਮਿਤ ਗਰਗ ਤੇ ਹੋਰ ਕਈ ਫਰਮਾਂ ਤੇ ਕੰਪਨੀਆਂ ਦੇ ਪਾਰਟਨਰਾਂ ਤੇ ਡਾਇਰੈਕਟਰਾਂ ਤੋਂ ਇਲਾਵਾ ਹੋਰ ਕਈ ਲੋਕਾਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ, ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਜਾਰੀ ਹੈ।
ਅਦਾਲਤ 'ਚ ਪੇਸ਼ੀ ਦੌਰਾਨ ਬਚਾਅ ਪੱਖ ਦੇ ਵਕੀਲ ਐਡਵੋਕੇਟ ਰਵਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਨੂੰ ਸਿਆਸੀ ਸਟੰਟ ਦੱਸਿਆ ਤੇ ਕਿਹਾ ਕਿ ਸੁਰਿੰਦਰਪਾਲ ਸਿੰਘ ਨੂੰ ਛੱਡ ਕੇ ਦੂਜੇ ਦੋਵਾਂ ਮੁਲਜ਼ਮਾਂ ਨੂੰ ਬਿਨਾਂ ਮਤਲਬ ਦੇ ਘੜੀਸਿਆ ਜਾ ਰਿਹਾ ਹੈ।
