ਮੋਹਾਲੀ ''ਚ ਰੇਹੜੀ-ਫੜ੍ਹੀ ਲਾਉਣ ਵਾਲਿਆਂ ਲਈ ਅਹਿਮ ਖ਼ਬਰ, ਲਿਆ ਗਿਆ ਇਹ ਫ਼ੈਸਲਾ
Friday, Dec 02, 2022 - 05:17 PM (IST)

ਚੰਡੀਗੜ੍ਹ : ਨਾਜਾਇਜ਼ ਕਬਜ਼ੇ ਹਟਾਉਣ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਕਿਸੇ ਨੂੰ ਆਪਣੀ ਰੋਜ਼ੀ-ਰੋਟੀ ਤੋਂ ਮੁਥਾਜ਼ ਨਾ ਹੋਣਾ ਪਵੇ, ਇਸ ਨੂੰ ਯਕੀਨੀ ਬਣਾਉਣ ਵਾਸਤੇ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਰੇਹੜੀ-ਫੜ੍ਹੀ (ਸਟਰੀਟ ਵੈਂਡਰਾਂ) ਵਾਲਿਆਂ ਲਈ ਵੱਖਰੀ (ਡੈਡੀਕੇਟਿਡ) ਮਾਰਕਿਟ ਵਿਕਸਿਤ ਕਰਨ ਲਈ ਨਗਰ ਨਿਗਮ, ਐੱਸ. ਏ. ਐੱਸ. ਨਗਰ (ਮੋਹਾਲੀ) ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਗਈਆਂ ਹਨ। ਇਸ ਨਾਲ ਸਟਰੀਟ ਵੈਂਡਰਾਂ ਨੂੰ ਕੰਮ-ਕਾਜ ਅਤੇ ਲੋਕਾਂ ਨੂੰ ਖ਼ਰੀਦਦਾਰੀ ਕਰਨ 'ਚ ਸੌਖ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾ ਸਿਰਫ ਇਨ੍ਹਾਂ ਸਟਰੀਟ ਵੈਂਡਰਾਂ ਨੂੰ ਕਾਰੋਬਾਰ ਲਈ ਇੱਕ ਸਮਰਪਿਤ ਜਗ੍ਹਾ ਮਿਲੇਗੀ, ਸਗੋਂ ਗਾਹਕਾਂ ਨੂੰ ਵੀ ਇੱਕ ਥਾਂ 'ਤੇ ਖ਼ਰੀਦਦਾਰੀ ਕਰਨੀ ਸੌਖੀ ਹੋਵੇਗੀ।
ਇਸ ਨਾਲ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ 'ਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਾਈਟਾਂ ਨਗਰ ਨਿਗਮ ਨੂੰ ਸਿਰਫ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕਿਟਾਂ ਵਿਕਸਿਤ ਕਰਨ ਲਈ ਮੁਫ਼ਤ 'ਚ ਸੌਂਪੀਆਂ ਗਈਆਂ ਹਨ। ਅਮਨ ਅਰੋੜਾ ਨੇ ਦੱਸਿਆ ਕਿ ਇਹ ਚਾਰ ਥਾਵਾਂ ਸੈਕਟਰ-56 'ਚ 3341.59 ਵਰਗ ਗਜ਼, ਸੈਕਟਰ-77 'ਚ 2516.88 ਵਰਗ ਗਜ਼ ਤੇ 1873.14 ਵਰਗ ਗਜ਼, ਅਤੇ ਸੈਕਟਰ-78 'ਚ 2588.24 ਵਰਗ ਗਜ਼ 'ਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਚੋਣ ਵੱਖ-ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਤੱਕ ਆਸਾਨ ਪਹੁੰਚ ਨੂੰ ਧਿਆਨ 'ਚ ਰੱਖਦਿਆਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਬਾਰੇ ਮੌਸਮ ਵਿਭਾਗ ਨੇ ਆਖ਼ੀ ਇਹ ਗੱਲ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮੰਤਰੀ ਅਰੋੜਾ ਨੇ ਕਿਹਾ ਕਿ ਨਗਰ ਨਿਗਮ, ਐੱਸ. ਏ. ਐੱਸ. ਨਗਰ ਨੂੰ ਸਟਰੀਟ ਵੈਂਡਰਾਂ ਨੂੰ ਅਜਿਹੇ ਢੰਗ ਨਾਲ ਤਬਦੀਲ ਕਰਨ ਲਈ ਕਿਹਾ ਹੈ ਤਾਂ ਜੋ ਇਕ ਪਾਕੇਟ 'ਚ ਇੱਕੋ ਤਰ੍ਹਾਂ ਦੇ ਕੰਮ ਵਾਲੇ ਹੋਣ ਤਾਂ ਜੋ ਖ਼ਰੀਦਦਾਰਾਂ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਅਲਾਟ ਕੀਤੀਆਂ ਗਈਆਂ ਇਨ੍ਹਾਂ ਸਾਈਟਾਂ ਦੀ ਮਾਲਕੀ ਗਮਾਡਾ ਕੋਲ ਹੀ ਰਹੇਗੀ। ਭਵਿੱਖ 'ਚ ਨਗਰ ਨਿਗਮ ਜੇਕਰ ਇਨ੍ਹਾਂ ਥਾਵਾਂ ਤੋਂ ਸਟਰੀਟ ਵੈਂਡਰਾਂ ਨੂੰ ਕਿਤੇ ਹੋਰ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਗਮਾਡਾ ਇਨ੍ਹਾਂ ਸਾਈਟਾਂ ਦਾ ਕਬਜ਼ਾ ਵਾਪਸ ਲੈ ਸਕੇਗਾ। ਅਜਿਹੀ ਸਥਿਤੀ 'ਚ ਇਨ੍ਹਾਂ ਵੈਂਡਰ ਸਾਈਟਾਂ ਨੂੰ ਹੋਰ ਥਾਂ ਤਬਦੀਲ ਕਰਨ ਦਾ ਖ਼ਰਚਾ ਨਗਰ ਨਿਗਮ ਵੱਲੋਂ ਹੀ ਚੁੱਕਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ