''ਪੰਜਾਬੀ ਅਧਿਆਪਕਾਂ ਸਬੰਧੀ GK ਨੇ ਕੇਜਰੀਵਾਲ ਨੂੰ ਲਿਖਿਆ ਪੱਤਰ''
Friday, Jun 25, 2021 - 08:59 PM (IST)
ਜਲੰਧਰ/ਨਵੀਂ ਦਿੱਲੀ (ਚਾਵਲਾ)- ਦਿੱਲੀ ਦੇ ਸਰਕਾਰੀ ਸਕੂਲਾਂ ’ਚ ਕੰਮ ਕਰ ਰਹੇ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੇਜਰੀਵਾਲ ਨੂੰ ਫੁੱਲ ਟਾਈਮ ਪੰਜਾਬੀ ਅਧਿਆਪਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਸਬੰਧੀ ਸਰਕਾਰੀ ਆਦੇਸ਼ਾਂ ਅਤੇ ਕਾਰਵਾਈ ਦਾ ਹਵਾਲਾ ਵੀ ਦਿੱਤਾ ਹੈ। ਨਾਲ ਹੀ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਲੰਬੀ ਉਡੀਕ ਬਾਅਦ ਪੰਜਾਬੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਸਰਕਾਰ ਵੱਲੋਂ ਸ਼ੁਰੂ ਕਰਨ ਲਈ ਦਿੱਲੀ ਦੇ ਸਾਰੇ ਪੰਜਾਬੀਆਂ ਵਲੋਂ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।
ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ
ਉਨ੍ਹਾਂ ਨੇ ਇਸ ਨੂੰ ਦੇਰੀ ਨਾਲ ਲਿਆ ਗਿਆ ਦਰੁਸਤ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਨੇ ਆਪਣੀ ਬਖ਼ਤਾਵਰ ਵਿਰਾਸਤ ਅਤੇ ਪ੍ਰਭਾਵੀ ਸੱਭਿਆਚਾਰ ਦੇ ਜ਼ੋਰ ਉੱਤੇ ਦੇਸ਼-ਵਿਦੇਸ਼ ਵਿਚ ਆਪਣੀ ਪਛਾਣ ਬਣਾਈ ਹੈ। ਇਸ ਲਈ ਦਿੱਲੀ ਦੀ ਅਧਿਕਾਰਕ ਦੂਜੀ ਰਾਜ-ਭਾਸ਼ਾ ਹੋਣ ਦੇ ਨਾਤੇ ਪੰਜਾਬੀ ਭਾਸ਼ਾ ਨੂੰ ਸਨਮਾਨ ਦੁਆਉਣਾ ਹਮੇਸ਼ਾ ਸਾਡੀ ਪਹਿਲ ਰਹੀ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਫੁੱਲ ਟਾਈਮ ਪੰਜਾਬੀ ਟੀਚਰ ਸੰਗਠਨ ਦੇ ਪ੍ਰਤੀਨਿਧੀਆਂ ਵਲੋਂ ਮੈਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਸਬੰਧੀ ਇਕ ਮੰਗ ਪੱਤਰ ਪ੍ਰਾਪਤ ਹੋਇਆ ਹੈ। ਜਿਸ ਵਿਚ ਉਨ੍ਹਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ ਹੈ। ਜੀ. ਕੇ. ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪਾਸੋਂ ਸਿੱਧੀ ਤਨਖ਼ਾਹ ਦਵਾਉਣ ਦੇ ਨਾਲ ਹੀ ਆਈ.ਡੀ. ਵੀ ਉਪਲੱਬਧ ਕਰਵਾਈ ਜਾਵੇ ਅਤੇ ਭਾਸ਼ਾ ਦੇ ਇਨ੍ਹਾਂ ਸੇਵਕਾਂ ਨੂੰ ਦਿੱਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀ ਭਰਤੀ ਸਮੇਂ ਨਾਲ ਹੀ ਪੱਕਾ ਕੀਤਾ ਜਾਵੇ, ਤਾਂਕਿ ਇਹਨਾਂ ਦੀ ਵਰਿਸ਼ਠਤਾ ਅਤੇ ਤਜਰਬੇ ਨੂੰ ਸਰਕਾਰੀ ਮਾਨਤਾ ਮਿਲ ਸਕੇ।
ਇਹ ਖ਼ਬਰ ਪੜ੍ਹੋ- ਮੁਲਤਾਨ ਨੇ ਪੇਸ਼ਾਵਰ ਨੂੰ 47 ਦੌੜਾਂ ਨਾਲ ਹਰਾਇਆ, ਪਹਿਲੀ ਵਾਰ ਜਿੱਤਿਆ PSL ਦਾ ਖਿਤਾਬ
ਜੀ. ਕੇ. ਨੇ ਦੱਸਿਆ ਕਿ ਇਨ੍ਹਾਂ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਸਾਲ 1986-1990 ਦੇ ਦੌਰਾਨ ਸਿੱਖਿਆ ਸਕੱਤਰ, ਦਿੱਲੀ ਸਰਕਾਰ ਦੀ ਮੰਗ ਦੇ ਆਧਾਰ ’ਤੇ ਪੰਜਾਬੀ ਅਕਾਦਮੀ ਵਲੋਂ ਲਈ ਗਈ ਲਿਖਤੀ ਪ੍ਰੀਖਿਆ ਅਤੇ ਸਿੱਖਿਆ ਡਾਇਰੈਕਟੋਰੇਟ ਦੇ ਅਧਿਕਾਰੀਆਂ ਵਲੋਂ ਲਈ ਗਈ ਇੰਟਰਵਿਊ ਦੇ ਆਧਾਰ ਉੱਤੇ ਹੋਈ ਸੀ। ਉਸ ਸਮੇਂ ਸਟਾਫ਼ ਨਿਯੁਕਤੀ ਲਈ ਦਿੱਲੀ ਅਧਿਕਾਰਤ ਸੇਵਾ ਚੋਣ ਬੋਰਡ ਚਲਨ ਵਿਚ ਨਹੀਂ ਸੀ। 2008 ਵਿਚ ਇਨ੍ਹਾਂ ਆਰਜ਼ੀ ਅਧਿਆਪਕਾਂ ਨੂੰ ਦਿੱਲੀ ਸਿੱਖਿਆ ਵਿਭਾਗ ਵੱਲੋਂ ਕੈਬਿਨਟ ਸਿਫ਼ਾਰਿਸ਼ ਨੰਬਰ 1394 ਤਾਰੀਖ਼ 17/04/2008 ਦੇ ਆਧਾਰ ਉੱਤੇ ਫੁੱਲ ਟਾਈਮ ਕੀਤਾ ਗਿਆ ਸੀ।
ਨਾਲ ਹੀ ਇਨ੍ਹਾਂ ਦਾ ਤਨਖ਼ਾਹ ਸਬੰਧੀ ਬਜਟ ਸਿੱਖਿਆ ਵਿਭਾਗ ਵਲੋਂ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਵਿਭਾਗ ਦੀ ਮਾਰਫ਼ਤ ਭਾਸ਼ਾ ਅਕਾਦਮੀਆਂ ਨੂੰ ਵੰਡ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਇਸ ਫੈਸਲੇ ਦਾ ਅਸਰ ਕੁੱਲ 231 ਭਾਸ਼ਾ ਅਧਿਆਪਕਾਂ ’ਤੇ ਹੋਇਆ ਸੀ, ਜਿਸ ਵਿਚ 106 ਪੰਜਾਬੀ, 50 ਸੰਸਕ੍ਰਿਤੀ ਅਤੇ 75 ਉਰਦੂ ਭਾਸ਼ਾ ਦੇ ਅਧਿਆਪਕ ਸ਼ਾਮਲ ਸਨ। ਪਰ ਪੰਜਾਬੀ ਦੇ ਇਨ੍ਹਾਂ ਫੁੱਲ ਟਾਈਮ ਅਧਿਆਪਕਾਂ ਨੂੰ ਹੁਣ ਵੀ ਲਗਭਗ 30 ਸਾਲ ਦੀ ਨੌਕਰੀ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਆਈ. ਡੀ. ਨਹੀਂ ਮਿਲੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।