ਕਿਸਾਨ ਸੰਗਠਨਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਰੋਕਣ ਲਈ ਪੁਲਸ ਪ੍ਰਸ਼ਾਸਨ ਹੋਇਆ ਪੱਬਾ ਭਾਰ, 90 ਕਿਸਾਨ ਆਗੂ ਕੀਤੇ ਗ੍ਰਿਫਤਾਰ
Monday, Sep 18, 2017 - 04:20 PM (IST)
ਸੰਗਰੂਰ (ਰਾਜੇਸ਼ ਕੋਹਲੀ) — 22 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਪੰਜਾਬ ਦੀਆਂ 7 ਕਿਸਾਨ ਸੰਗਠਨਾਂ ਦੇ ਅੰਦੋਲਨ ਦੇ ਤਹਿਤ 5 ਦਿਨ ਲਈ ਕੀਤੇ ਜਾਣ ਵਾਲੇ ਮੋਤੀ ਮਹਿਲ ਦੇ ਘਿਰਾਓ ਨੂੰ ਲੈ ਕੇ ਪੁਲਸ ਨੇ ਕਿਸਾਨ ਆਗੂਆਂ ਦੀ ਧਰ-ਪਕੜ ਸ਼ੁਰੂ ਕਰ ਦਿੱਤੀ ਹੈ। ਅਜੇ ਤਕ 90 ਤੋਂ ਵੱਧ ਕਿਸਾਨ ਆਗੂਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ, ਕਿਸਾਨ ਆਗੂਆਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਪੂਰਣ ਰੂਪ 'ਚ ਕਰਜ਼ਾ ਮੁਆਫੀ, ਲਗਾਤਾਰ ਵੱਧ ਰਹੀਆਂ ਖੁਦਕੁਸ਼ੀਆਂ ਦੀ ਗਿਣਤੀ, ਬੇਰੋਜ਼ਗਾਰ ਤੇ ਨਸ਼ੇ 'ਤੇ ਕਾਬੂ ਪਾਉਣ 'ਚ ਪੰਜਾਬ ਸਰਕਾਰ ਦੀ ਅਸਫਲਤਾ ਜਿਹੇ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ 6 ਮਹੀਨੇ ਤੋਂ 2-2 ਹੱਥ ਕਰਦੇ ਆ ਰਹੇ ਹਨ। ਪੰਜਾਬ ਦੇ 7 ਕਿਸਾਨ ਸੰਗਠਨਾਂ ਨੇ ਜਦੋਂ 22 ਸਤੰਬਰ ਤੋਂ 5 ਦਿਨ ਲਈ ਪਟਿਆਲਾ 'ਚ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ ਹੈ ਤਾਂ ਕੈਪਟਨ ਸਰਕਾਰ ਦੇ ਹੱਥ ਪੈਰ ਫੁੱਲ ਗਏ ਹਨ, ਬੇਸ਼ੱਕ ਕਿਸਾਨ ਸੰਗਠਨਾਂ ਦਾ ਪ੍ਰਦਰਸ਼ਨ ਅੱਜ ਤਕ ਸ਼ਾਂਤਮਈ ਤਰੀਕੇ ਦਾ ਹੀ ਰਿਹਾ ਪਰ ਹਲਾਤਾਂ ਨੂੰ ਦੇਖਦੇ ਰਾਜ ਸਰਕਾਰ ਕੋਈ ਰਿਸਕ ਲੈਣ ਨੂੰ ਤਿਆਰ ਨਹੀਂ ਇਸ ਲਈ ਕਿਸਾਨਾਂ ਦੇ ਇਸ ਪ੍ਰਦਰਸ਼ਨ 'ਤੇ ਅਕੁੰਸ਼ ਲਗਾਉਣ ਲਈ ਹੁਣੇ ਤੋਂ ਸਖਤੀ ਸ਼ੁਰੂ ਕਰ ਦਿੱਤੀ ਗਈ ਹੈ। ਇਕੱਲੇ ਸੰਗਰੂਰ 'ਚੋਂ 90 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕਿਸਾਨ ਆਗੂਆਂ 'ਚ ਸੂਬਾ ਸਰਕਾਰ ਦੀ ਇਸ ਕਾਰਵਾਈ ਨਾਲ ਗਹਿਰਾ ਰੋਸ ਹੈ।
ਪੁਲਸ ਅਧਿਕਾਰੀ ਮੁਤਾਬਕ ਕਿਸਾਨ ਆਗੂਆਂ ਨੂੰ 22 ਸਤੰਬਰ ਨੂੰ ਪਟਿਆਲਾ ਜਾਣ ਤੋਂ ਪਹਿਲਾਂ ਹੀ ਫੜ ਕੇ ਪ੍ਰਸ਼ਾਸਨਿਕ ਅਦਾਲਤ 'ਚ ਪੇਸ਼ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤੀ ਪਾਉਣੀ ਚਾਹੁੰਦੇ ਹਨ।
ਫਿਲਹਾਲ ਪੁਲਸ ਕਿਸਾਨ ਆਗੂਆਂ ਨੂੰ ਫੜ੍ਹਨ 'ਚ ਜੁੱਟੀ ਹੈ ਤੇ ਕਿਸਾਨ ਆਗੂ 22 ਸਤੰਬਰ ਦੇ ਅੰਦੋਲਨ ਦੀਆਂ ਤਿਆਰੀਆਂ 'ਚ ਜੁੱਟੇ ਹੋਏ ਹਨ। ਉਨ੍ਹਾਂ ਦਾ ਰੋਸ ਹੈ ਕਿ ਇਸ ਤਰ੍ਹਾਂ ਦੀ ਗ੍ਰਿਫਤਾਰੀ ਨਲਾ ਕਿਸਾਨ ਪਰਿਵਾਰਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ।
