ਹਿੰਮਤੀ ਕੁੜੀਆਂ ਨੇ ਭੂੰਡ ਆਸ਼ਕ ਦੀਆਂ ਕਢਵਾ ਛੱਡੀਆਂ ਲਕੀਰਾਂ, ਆਖ਼ਰ ਰੱਖੜੀ ਬੰਨ੍ਹਵਾ ਛੁਡਾਈ ਜਾਨ

Tuesday, Aug 04, 2020 - 10:56 AM (IST)

ਹਿੰਮਤੀ ਕੁੜੀਆਂ ਨੇ ਭੂੰਡ ਆਸ਼ਕ ਦੀਆਂ ਕਢਵਾ ਛੱਡੀਆਂ ਲਕੀਰਾਂ, ਆਖ਼ਰ ਰੱਖੜੀ ਬੰਨ੍ਹਵਾ ਛੁਡਾਈ ਜਾਨ

ਤਲਵੰਡੀ ਭਾਈ (ਪਾਲ) : ਪਿੰਡ ਕਾਹਨ ਸਿੰਘ ਦੇ ਅੱਡੇ ’ਤੇ ਬੱਸ ਦੀ ਉਡੀਕ ’ਚ ਖੜ੍ਹੀਆਂ 2 ਮੁਟਿਆਰਾਂ ਨੇ ਉਸ ਸਮੇਂ ਭੂੰਡ ਆਸ਼ਕ ਨੂੰ ਭਾਜੜਾਂ ਪਾ ਦਿੱਤੀਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਭੂੰਡ ਆਸ਼ਕ ਆਪਣੇ ਵੱਡੇ ਸਾਰੇ ਮੋਬਾਇਲ ਦੀ ਮੱਦਦ ਨਾਲ ਉਨ੍ਹਾਂ ਦੀਆਂ ਤਸਵੀਰਾਂ ਲੈ ਰਿਹਾ ਹੈ। ਜਾਣਕਾਰੀ ਮੁਤਾਬਕ ਆਪਣੇ ਪਿੰਡ ਨੂੰ ਜਾਣ ਵਾਲੀ ਬੱਸ ਦੀ ਉਡੀਕ ’ਚ ਖੜ੍ਹੀਆਂ ਦੋ ਕੁੜੀਆਂ ਨਾਲ ਇਹ ਨਸ਼ੇੜੀ ਨੌਜਵਾਨ ਆਪਣੇ ਵੱਡੀ ਸਕਰੀਨ ਵਾਲੇ ਮੋਬਾਇਲ ਨਾਲ ਵੀਡੀਓ ਬਣਾਉਣ ਸਮੇਤ ਤਸਵੀਰਾਂ ਖਿੱਚਣ ਵਰਗੀਆਂ ਕੋਝੀਆਂ ਹਰਕਤਾਂ ਕਰਦਾ ਨਜ਼ਰੀ ਪੈਣ ’ਤੇ ਕੁੜੀ ਨੇ ਕੋਲ ਜਾ ਕੇ ਇਤਰਾਜ਼ ਕਰਦਿਆਂ ਪੁੱਛਿਆ ਤਾਂ ਇਹ ਭੂੰਡ ਆਸ਼ਕ ਕਹਿਣ ਲੱਗਾ ਕਿ ਮੈਂ ਤਾਂ ਆਉਂਦੀਆਂ-ਜਾਂਦੀਆਂ ਕਾਰਾਂ ਦੀ ਮੂਵੀ ਬਣਾ ਰਿਹਾ ਹਾਂ ਪਰ ਇਨ੍ਹਾਂ ਹਿੰਮਤੀ ਕੁੜੀਆਂ ਨੇ ਜਦੋਂ ਉਸ ਨੂੰ ਗਲਮੇ ਤੋਂ ਫੜ੍ਹ ਕੇ ਉਸ ਦਾ ਟੱਚ ਸਕਰੀਨ ਵਾਲਾ ਮੋਬਾਇਲ ਖੋਹ ਲਿਆ ਅਤੇ ਉਸ ’ਚ ਖਿੱਚੀਆਂ ਆਪਣੀਆਂ ਤਸਵੀਰਾਂ ਉਸ ਨੂੰ ਦਿਖਾਈਆਂ ਤਾਂ ਇਹ ਭੂੰਡ ਆਸ਼ਕ ਕਾਫੀ ਘਬਰਾ ਗਿਆ।

ਬਹਾਦਰ ਕੁੜੀਆਂ ਨੇ ਉਸ ਦੀ ਇਸ ਕਰਤੂਤ ਨੂੰ ਪੁਲਸ ਦੇ ਨੋਟਿਸ ’ਚ ਲਿਆਉਣ ਲਈ ਨਜ਼ਦੀਕੀ ਪੁਲਸ ਚੌਂਕੀ ਦਾ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਮਜਨੂੰ ਨੌਜਵਾਨ ਤੁਰੰਤ ਉਨ੍ਹਾਂ ਦੇ ਪੈਰੀਂ ਪੈ ਗਿਆ। ਉਧਰ ਲੋਕਾਂ ਦੀ ਭੀੜ ਇਕੱਠੀ ਹੁੰਦੀ ਵੇਖ ਕੇ ਕੁੜੀਆਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਇਸ ਭੂੰਡ ਆਸ਼ਕ ਦੀ ਕਾਫੀ ਛਿੱਤਰ-ਪਰੇਡ ਕਰਦੇ ਹੋਏ ਉਸ ਦੇ ਮੋਬਾਇਲ ’ਚ ਕੁੜੀਆਂ ਦੀਆਂ ਖਿੱਚੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ।
ਦੋਵਾਂ ਲੜਕੀਆਂ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੋਣ ਕਰ ਕੇ ਸਾਡਾ ਆਪਣਾ ਕੋਈ ਸਕਾ ਭਰਾ ਨਾ ਹੋਣ ਕਾਰਣ ਰਿਸ਼ਤੇਦਾਰੀ ’ਚ ਲੱਗਦੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀਆਂ ਸਨ ਕਿ ਰਸਤੇ ’ਚ ਸਾਨੂੰ ਇਸ ਨਸ਼ੇੜੀ ਨੌਜਵਾਨ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਤਹਿਸ ’ਚ ਆਏ ਲੋਕਾਂ ਨੇ ਪਹਿਲਾਂ ਤਾਂ ਮਜ਼ਨੂੰ ਤੋਂ ਨੱਕ ਨਾਲ ਲਕੀਰਾਂ ਕੱਢਵਾਈਆਂ ਅਤੇ ਫਿਰ ਅੱਗੇ ਤੋਂ ਅਜਿਹੀਂ ਹਰਕਤ ਨਾ ਕਰਨ ਦੀ ਨਸੀਹਤ ਦੇਣ ਲਈ ਦੋਵਾਂ ਕੁੜੀਆਂ ਤੋਂ ਭੂੰਡ ਆਸ਼ਕ ਨੇ ਰੱਖੜੀਆਂ ਬੰਨ੍ਹਵਾ ਕੇ ਜਾਨ ਛੁਡਾਈ।


author

Babita

Content Editor

Related News