ਇਨਸਾਫ ਲਈ ਲੜਕੀ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਾਈ ਗੁਹਾਰ
Friday, Nov 10, 2017 - 01:53 AM (IST)
ਜਲਾਲਾਬਾਦ(ਗੁਲਸ਼ਨ)—ਫਾਜ਼ਿਲਕਾ ਸਦਰ ਪੁਲਸ ਅਧੀਨ ਪੈਂਦੀ ਮੰਡੀ ਲਾਧੂਕਾ ਪੁਲਸ ਚੌਕੀ ਵੱਲੋਂ ਕਾਲੜਾ ਪਰਿਵਾਰ 'ਤੇ ਦਰਜ ਕੀਤੇ ਗਏ ਮੁਕੱਦਮੇ ਦੇ ਸਬੰਧ 'ਚ ਅੱਜ ਪੀੜਤ ਪਰਿਵਾਰ ਨੇ ਜ਼ਿਲਾ ਮੈਜਿਸਟ੍ਰੇਟ ਈਸ਼ਾ ਕਾਲੀਆ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਉਨ੍ਹਾਂ 'ਤੇ ਦਰਜ ਫਰਜ਼ੀ ਮੁਕੱਦਮੇ ਦੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਪੀੜਤ ਪਰਿਵਾਰ ਸ਼ੁਰੂ ਤੋਂ ਹੀ ਇਸ ਮੁਕੱਦਮੇ ਨੂੰ ਫਰਜ਼ੀ ਦੱਸ ਕੇ ਪੁਲਸ ਪ੍ਰਸ਼ਾਸਨ ਦੇ ਕੰਮਕਾਜ 'ਤੇ ਸਵਾਲ ਉਠਾਉਂਦਾ ਆ ਰਿਹਾ ਹੈ। ਅੱਜ ਪੀ. ਐੱਮ. ਅਤੇ ਸੀ. ਐੱਮ. ਦਫਤਰ ਨੂੰ ਭੇਜੇ ਮੰਗ ਪੱਤਰ 'ਚ ਪੀੜਤ ਕੁੜੀ ਗੋਬਿੰਦ ਰਾਣੀ ਨੇ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਬਹਿਕ ਹਸਤਾਂ (ਨੂਰਸਮੰਦ) ਨਿਵਾਸੀ ਰਜਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਜੋ ਕਿ ਉਸ ਦਾ ਸਹਿ-ਪਾਠੀ ਸੀ, ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਸਾਲ ਤੱਕ ਸਰੀਰਕ ਸ਼ੋਸ਼ਣ ਕਰਦਾ ਰਿਹਾ। ਬਾਅਦ 'ਚ ਵਿਆਹ ਤੋਂ ਇਨਕਾਰ ਕਰਨ 'ਤੇ ਉਸ ਵੱਲੋਂ ਰਜਿੰਦਰ ਕੁਮਾਰ ਵਿਰੁੱਧ ਚੰਡੀਗੜ੍ਹ 'ਚ ਜਬਰ-ਜ਼ਨਾਹ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜੇਲ 'ਚ ਰਹਿਣ ਕਾਰਨ ਦੋਸ਼ੀ ਰਜਿੰਦਰ ਕੁਮਾਰ ਨੂੰ ਸਜ਼ਾ ਤੋਂ ਬਚਾਉਣ ਲਈ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਆਪਸ 'ਚ ਵਿਆਹ ਕਰ ਦਿੱਤਾ ਗਿਆ। ਇਸ ਗੱਲ ਦਾ ਬਦਲਾ ਲੈਣ ਲਈ ਉਸਦੇ ਪਤੀ ਰਜਿੰਦਰ ਕੁਮਾਰ ਅਤੇ ਉਸਦੇ ਪਰਿਵਾਰ ਨੇ ਮੇਰੇ ਪਰਿਵਾਰ ਵਿਰੁੱਧ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਤਲਾਕ ਦੇਣ ਲਈ ਲਗਾਤਾਰ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਕਿਉਂਕਿ ਮੇਰਾ ਸਹੁਰਾ ਪਰਿਵਾਰ ਆਪਣੀ ਸਿਆਸੀ ਪਹੁੰਚ ਰੱਖਦਾ ਹੈ। ਬੀਤੀ 10 ਜੁਲਾਈ 2017 ਨੂੰ ਮੇਰੇ ਪਤੀ ਰਜਿੰਦਰ ਕੁਮਾਰ ਨੇ ਆਪਣੇ ਹੱਥ ਦੀ ਉਂਗਲ ਨੂੰ ਤੋੜ ਕੇ ਆਪਣੇ ਆਪ ਨੂੰ ਸੱਟਾਂ ਮਾਰ ਲਈਆਂ ਅਤੇ ਉਂਗਲ 'ਚ ਫਰੈਕਚਰ ਹੋਣ ਕਾਰਨ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਲੜਾਈ-ਝਗੜੇ ਤਹਿਤ ਪੁਲਸ ਨੇ ਧਾਰਾ 323, 324 ਅਤੇ 326 ਦਾ ਮੁਕੱਦਮਾ ਦਰਜ ਕਰ ਲਿਆ। ਪੀੜਤ ਕੁੜੀ ਨੇ ਮੰਗ-ਪੱਤਰ 'ਚ ਦੱਸਿਆ ਕਿ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦਾ ਕੰਮ ਜਨਤਾ ਦੀ ਸੇਵਾ ਅਤੇ ਇਨਸਾਫ ਦਿਵਾਉਣਾ ਹੁੰਦਾ ਹੈ, ਕਿਸ ਤਰ੍ਹਾਂ ਸਿਆਸੀ ਦਬਾਅ 'ਚ ਆ ਕੇ ਉਨ੍ਹਾਂ ਉਪਰ ਦਰਜ ਫਰਜ਼ੀ ਮੁਕੱਦਮੇ ਨੂੰ ਰੱਦ ਕਰਨ ਦੇ ਬਦਲੇ ਆਪਣੇ ਪਤੀ ਨੂੰ ਤਲਾਕ ਦੇਣ ਲਈ ਦਬਾਅ ਬਣਾ ਰਹੇ ਹਨ ਅਤੇ ਫਾਜ਼ਿਲਕਾ ਪੁਲਸ ਮੇਰੇ ਪਤੀ ਅਤੇ ਸਹੁਰਿਆਂ ਨਾਲ ਮਿਲ ਕੇ ਮੈਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਕੁੜੀ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਮੰਗ-ਪੱਤਰ ਰਾਹੀਂ ਫਰਿਆਦ ਕਰਦੇ ਹੋਏ ਇਸ ਫਰਜ਼ੀ ਮੁਕੱਦਮੇ 'ਚ ਦਖਲਅੰਦਾਜ਼ੀ ਕਰ ਕੇ ਇਨਸਾਫ ਦਿਵਾਏ ਜਾਣ ਦੀ ਅਪੀਲ ਕੀਤੀ ਹੈ।ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਮੰਗ ਪੱਤਰ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਐੱਸ. ਐੱਸ. ਪੀ. ਫਾਜ਼ਿਲਕਾ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।
