ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਕੁਆਰੰਟਾਈਨ ਕਰਨ ਲਈ ਹੋਟਲਾਂ ਦੀ ਕੀਤੀ ਗਈ ਪਛਾਣ
Friday, May 15, 2020 - 04:59 PM (IST)
ਮੋਹਾਲੀ (ਨਿਆਮੀਆਂ) : ਜ਼ਿਲਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਕਿਹਾ ਕਿ ਹਵਾਈ ਅੱਡਿਆਂ ’ਤੇ ਉਡਾਣਾਂ ਦੀ ਮੁਅੱਤਲੀ ਕਾਰਨ ਦਿੱਲੀ ਹਵਾਈ ਅੱਡੇ, ਮੋਹਾਲੀ ਹਵਾਈ ਅੱਡੇ, ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਹੀਂ ਜ਼ਿਲੇ 'ਚ ਵਿਦੇਸ਼ਾ ਤੋਂ ਆਏ ਨਾਗਰਿਕਾਂ ਦੀ ਆਮਦ ਨੂੰ ਧਿਆਨ 'ਚ ਰੱਖਦਿਆਂ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਨੇ ਜ਼ਿਲੇ ਦੇ ਪ੍ਰਾਈਵੇਟ ਹੋਟਲ ਅਤੇ ਮੋਟਲਜ਼ ਦੀ ਪਛਾਣ ਕੀਤੀ ਗਈ ਹੈ, ਜਿਥੇ ਇਨ੍ਹਾਂ ਲੋਕਾਂ ਨੂੰ ਕੁਆਰੰਟਾਈਨ 'ਚ ਰੱਖਿਆ ਜਾਵੇਗਾ।
ਉਨ੍ਹਾਂ ਹੁਕਮ ਜਾਰੀ ਕੀਤੇ ਕਿ ਹੋਟਲ ਮਾਲਕ ਇਨ੍ਹਾਂ ਲੋਕਾਂ ਤੋਂ ਜ਼ਿਲਾ ਮੈਜਿਸਟਰੇਟ ਦੇ ਦਫ਼ਤਰ ਵਲੋਂ ਨਿਰਧਾਰਤ ਰੇਟਾਂ ਅਨੁਸਾਰ ਕਿਰਾਏ ਅਤੇ ਭੋਜਨ ਲਈ ਖਰਚਾ ਵਸੂਲ ਕਰਨਗੇ। ਇਸ ਤੋਂ ਇਲਾਵਾ ਉਪਰੋਕਤ ਉਦੇਸ਼ਾਂ ਲਈ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਵਿਦੇਸ਼ਾਂ ਤੋਂ ਹਵਾਈ ਅੱਡੇ ਰਾਹੀਂ ਜ਼ਿਲੇ 'ਚ ਆਉਣ ਵਾਲੇ ਵਿਅਕਤੀਆਂ ਨੂੰ ਸੰਸਥਾਗਤ ਕੁਆਰੰਟੀਨ ਦੇ ਤਹਿਤ ਹੋਟਲ 'ਚ 14 ਦਿਨਾਂ ਤੱਕ ਰੱਖਣ ਲਈ ਉਪਾਅ ਕਰਨਗੇ। ਹਵਾਈ ਅੱਡੇ ’ਤੇ ਹੀ ਹੈਲਪ ਡੈਸਕ ਦਾ ਗਠਨ ਕੀਤਾ ਜਾਵੇਗਾ ਅਤੇ ਲੋੜੀਂਦਾ ਸਟਾਫ ਤਾਇਨਾਤ ਕੀਤਾ ਜਾਵੇਗਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਉਦੇਸ਼ਾਂ ਲਈ ਭੁਗਤਾਨ ਦੇ ਅਧਾਰ ’ਤੇ ਨਿਰਧਾਰਤ ਹੋਟਲਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਰਾਹੀਂ ਆਉਣ ਵਾਲੇ ਯਾਤਰੀ ਡੇਰਾਬੱਸੀ ਦੇ ਪਾਮ ਰਿਜੋਰਟ ’ਚ ਰਿਪੋਰਟ ਕਰਨਗੇ, ਜਿੱਥੇ ਉਨ੍ਹਾਂ ਨੂੰ ਹੈਲਪ ਡੈਸਕ ਵੱਲੋਂ ਹੋਟਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਆਉਣ ਵਾਲੇ ਯਾਤਰੀ ਮੋਹਾਲੀ ਦੇ ਸੈਕਟਰ-76 ਸਥਿਤ ਰਾਧਾ ਸੁਆਮੀ ਸਤਿਸੰਗ ਭਵਨ ਵਿਖੇ ਰਿਪੋਰਟ ਕਰਨਗੇ। ਇੱਥੇ ਵੀ ਹੈਲਪ ਡੈਸਕ ਉਨ੍ਹਾਂ ਹੋਟਲਾਂ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਗੇ ਜਿੱਥੇ ਉਨ੍ਹਾਂ ਨੂੰ ਸੰਸਥਾਗਤ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ।