ਅਜੇ ਵੀ ਨਹੀਂ ਰੁਕੀਆਂ ਬੇਅਦਬੀ ਦੀਆਂ ਘਟਨਾਵਾਂ : ਗਿਆਨੀ ਇਕਬਾਲ ਸਿੰਘ
Wednesday, Oct 17, 2018 - 12:12 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਪੱਕੇ ਤੌਰ 'ਤੇ ਰੋਕਣ ਲਈ ਸਾਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਗਿਆਨੀ ਇਕਬਾਲ ਸਿੰਘ ਬੁੱਧਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਸੰਤ ਤਰਲੋਚਨ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਆਯੋਜਿਤ ਗੁਰਮਤਿ ਸਮਾਗਮ ਵਿਚ ਪਹੁੰਚੇ ਹੋਏ ਸਨ।
ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੇ ਜਾਣ ਦੇ ਸੰਬੰਧੀ ਕੀਤੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਉਨ੍ਹਾਂ ਲਈ ਹੋਰ ਕੋਈ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਦਾ ਕਾਇਮ ਰਹੇ, ਇਸ ਲਈ ਹਰ ਸਿੱਖ ਨੂੰ ਤਤਪਰ ਰਹਿਣਾ ਚਾਹੀਦਾ ਹੈ। ਜਥੇਦਾਰ ਇਕਬਾਲ ਸਿੰਘ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਪਹਿਲਾਂ ਵੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਤੇ ਹੁਣ ਮੌਜੂਦਾ ਸਮੇਂ ਵੀ ਲਗਾਤਾਰ ਵਾਪਰ ਰਹੀਆਂ ਹਨ ਜਿਸ ਨੂੰ ਪੱਕੇ ਤੌਰ 'ਤੇ ਰੋਕਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਸਮੇਂ ਸੰਤ ਗੁਰਚਰਨ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟੇ ਵਾਲੇ, ਭਾਈ ਜਸਪਾਲ ਸਿੰਘ (ਬਾਬਾ ਨੀਲਾ) , ਜਥੇ ਹਰਜਿੰਦਰ ਸਿੰਘ ਲਾਡੀ ਡਡਵਿੰਡੀ, ਭਾਈ ਬਲਵਿੰਦਰ ਸਿੰਘ ਯੂਪੀ ਹੈਡ ਗ੍ਰੰਥੀ ਆਦਿ ਨੇ ਸ਼ਿਰਕਤ ਕੀਤੀ ।