ਸ਼ਹੀਦੀ ਹਫਤੇ 'ਚ ਨਾ ਕਰਵਾਈਆਂ ਜਾਣ ਪੰਚਾਇਤੀ ਚੋਣਾਂ: ਹਰਪ੍ਰੀਤ ਸਿੰਘ

12/07/2018 1:32:57 PM

ਸ੍ਰੀ ਆਨੰਦਪੁਰ ਸਾਹਿਬ — ਸ੍ਰੀ ਆਨੰਦਪੁਰ ਸਾਹਿਬ ਪੁੱਜੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਨੂੰ ਪੰਚਾਇਤ ਚੋਣਾਂ ਸ਼ਹੀਦੀ ਹਫਤੇ 'ਚ ਨਹੀਂ ਕਰਵਾਉਣੀਆਂ ਚਾਹੀਦੀਆਂ, ਕਿਉਂਕਿ ਚੋਣਾਂ ਦੌਰਾਨ ਮਾਹੌਲ ਗੁਰਮਤਿ ਦੇ ਅਨੁਕੂਲ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖਤੀ ਰੂਪ 'ਚ ਵੀ ਇਸ ਸੰਬੰਧ 'ਚ ਸਰਕਾਰ ਨੂੰ ਇਹ ਮੁੱਦਾ ਵਿਚਾਰਨ ਲਈ ਕਿਹਾ ਗਿਆ ਹੈ, ਉਸੇ ਤਰ੍ਹਾਂ ਉਹ ਵੀ ਇਹੀ ਚਾਹੰਦੇ ਹਨ ਕਿ ਸ਼ਹੀਦੀ ਹਫਤੇ 'ਚ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਦੱਸ ਦੇਈਏ ਕਿ ਹਰਪ੍ਰੀਤ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸਨ। 

PunjabKesari

ਦੂਜੇ ਪਾਸੇ ਸਿੱਖਾਂ ਦੀ ਘੱਟ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਭਾਰਤ ਅਤੇ ਚੀਨ ਵਰਗੇ ਮੁਲਕਾਂ 'ਚ ਆਬਾਦੀ ਵੱਧ ਰਹੀ ਹੈ ਅਤੇ ਆਬਾਦੀ ਨੂੰ ਘੱਟ ਕਰਨ ਲਈ ਮੁਲਕ ਚਿੰਤਿਤ ਨੇ ਪਰ ਘੱਟ ਰਹੀ ਅਬਾਦੀ ਧਰਮਾਂ ਲਈ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅਬਾਦੀ ਸਟੇਬਲ ਜ਼ਰੂਰ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੌਮ ਕੋਲ ਇਕ ਪਰਿਪੂਰਨ ਫਲਸਫਾ ਹੈ ਅਤੇ ਲੋੜ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਦੂਰ-ਦੂਰ ਤੱਕ ਫੈਲਾਇਆ ਜਾਵੇ ਤਾਂ ਜੋ ਜਿਹੜੇ ਲੋਕ ਸਿੱਖ ਧਰਮ ਤੋਂ ਕਿਸੇ ਵੀ ਕਾਰਨ ਕਰਕੇ ਦੂਰ ਹੋਏ ਹੋਣ ਉਹ ਵਾਪਸ ਪਰਤ ਸਕਣ।


Related News