ਰਾਹ ਜਾਂਦੇ ਬਾਬੇ ਨੇ ਇੰਝ ਕੀਤਾ ਸਮੋਹਿਤ ਕਿ ਸਰਪੰਚ ਨੇ ਹੱਥੀਂ ਲੁੱਟਾ ਦਿੱਤਾ ਸਭ ਕੁਝ
Friday, Jul 12, 2019 - 12:53 PM (IST)

ਘੁਮਾਣ : ਪਿੰਡ ਪੁਰਾਣਾ ਬਲਡਵਾਲ ਦੇ ਸਰਪੰਚ ਤੇ ਉਸ ਦੀ ਪਤਨੀ ਨੂੰ ਸਮੋਹਿਤ ਕਰਕੇ ਮਹਿਲਾ ਸਮੇਤ ਤਿੰਨ ਲੋਕ ਕਰੀਬ 5 ਤੋਲੇ ਸੋਨੇ ਦੇ ਗਹਿਣੇ ਤੇ 7 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ.ਐੱਚ.ਓ. ਹਰਿਕ੍ਰਿਸ਼ਨ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਵਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਤਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਅੱਡਾ ਘੁਮਾਣ ਤੋਂ ਸਬਜ਼ੀ ਲੈਣ ਆਏ ਹੋਏ ਸਨ। ਇਸੇ ਦੌਰਾਨ ਇਕ ਬਾਬੇ ਵਰਗਾ ਵਿਅਕਤੀ ਉਨ੍ਹਾਂ ਦੇ ਕੋਲ ਆਇਆ ਤੇ ਮੰਦਰ ਦੇ ਬਾਰੇ ਪੁੱਛਣ ਲੱਗਾ, ਜਿਸ ਦੇ ਬਾਰੇ 'ਚ ਉਨ੍ਹਾਂ ਨੇ ਬਾਬੇ ਨੂੰ ਦੱਸਿਆ ਤਾਂ ਉਹ ਉਥੋਂ ਚਲਾ ਗਿਆ। ਉਹ ਵੀ ਸਬਜ਼ੀ ਲੈ ਕੇ ਘਰ ਵੱਲ ਨਿਕਲ ਪਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਦਕੋਹਾ ਰੋਡ 'ਤੇ ਮੁੜੇ ਤਾਂ ਪਿੱਛੇ ਇਕ ਮਹਿਲਾ ਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਪੁੱਛਣ ਲੱਗੇ ਕਿ ਬਾਬਾ ਉਨ੍ਹਾਂ ਨੂੰ ਕੀ ਕਹਿ ਰਿਹਾ ਸੀ। ਇਸੇ ਦੌਰਾਨ ਉਕਤ ਬਾਬਾ ਵੀ ਸਾਹਮਣੇ ਤੋਂ ਪੈਦਲ ਆਉਂਦਾ ਦਿਖਾਈ ਦਿੱਤਾ। ਜਿਵੇਂ ਉਹ ਬਾਬੇ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਔਰਤ ਤੇ ਵਿਅਕਤੀ ਉਸ ਦੇ ਪੈਰੀ ਪੈ ਗਏ। ਇਸ ਤੋਂ ਬਾਅਦ ਬਾਬੇ ਨੇ ਉਨ੍ਹਾਂ 'ਤੇ ਵੀ ਹੱਥ ਫੇਰਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਸੁਰਤ ਨਹੀਂ ਰਹੀ। ਉਸ ਨੇ ਖੁਦ ਹੀ 7 ਹਜ਼ਾਰ ਰੁਪਏ ਕੱਢ ਕੇ ਦੇ ਦਿੱਤੇ ਤੇ ਨਾਲ ਹੀ ਪਤਨੀ ਨੇ ਬੋਲਿਆ ਆਪਣੀਆਂ ਬਾਲੀਆਂ-ਮੁੰਦਰੀ ਉਤਾਰ ਕੇ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ।
ਰਤਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਹੁਣ ਉਹ ਘਰ ਜਾ ਕੇ ਚਾਹ ਵੀ ਪੀਣਗੇ। ਇਸ ਤੋਂ ਬਾਅਦ ਰਤਨ ਸਿੰਘ ਉਨ੍ਹਾਂ ਨੂੰ ਘਰ ਲੈ ਗਿਆ ਪਰ ਉਹ ਘਰ ਤੋਂ ਥੋੜਾ ਦੂਰ ਹੀ ਉਤਰ ਗਏ। ਰਤਨ ਸਿੰਘ ਮੁਤਾਬਕ ਇਸ ਤੋਂ ਬਾਅਦ ਉਹ ਘਰ ਗਏ ਤੇ ਘਰੋ ਸੋਨੇ ਦੇ ਗਹਿਣੇ ਲਿਆ ਕੇ ਉਨ੍ਹਾਂ ਨੇ ਬਾਬਾ ਜੀ ਨੂੰ ਦੇ ਦਿੱਤੇ।