ਘੱਗਰ ਦਰਿਆ ਨੇ ਨਿਗਲੀ ਪਿੰਡ ਹੀਰਕੇ ਦੇ ਗਰੀਬ ਕਿਸਾਨ ਦੀ ਜ਼ਮੀਨ, ਮੁਆਵਜ਼ੇ ਦੀ ਮੰਗ
Saturday, Jul 31, 2021 - 04:41 PM (IST)

ਸਰਦੂਲਗੜ੍ਹ (ਚੋਪੜਾ) : ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਫਸਲਾਂ ਦੇ ਭਾਰੀ ਨੁਕਸਾਨ ਤੋਂ ਇਲਾਵਾ ਘੱਗਰ ਦੇ ਨਾਲ ਲੱਗਦੀ ਕਿਸਾਨਾਂ ਦੀ ਜ਼ਮੀਨ ਵੀ ਆਪਣੇ ਅੰਦਰ ਨਿਗਲ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਬ ਡਵੀਜਨ ਦੇ ਪਿੰਡ ਹੀਰਕੇ ਦੇ ਸਰਪਚੰ ਲੱਖਾ ਸਿੰਘ, ਨੰਬਰਦਾਰ ਰਾਜ ਸਿੰਘ, ਸਾਬਕਾ ਸਰਪੰਚ ਜੱਗਾ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਘੱਗਰ ਦੇ ਕਿਨਾਰੇ ’ਤੇ ਵੱਸਿਆ ਹੋਣ ਕਰਕੇ ਇਥੋਂ ਦੇ ਵਸਨੀਕਾਂ ਨੂੰ ਹੜ੍ਹਾਂ ਦੇ ਦਿਨਾ ਵਿਚ ਫਸਲਾਂ ਦਾ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਇਸ ਦੇ ਨਾਲ ਭਾਰੀ ਬਰਸਾਤ ਅਤੇ ਘੱਗਰ ਦੇ ਹੜ੍ਹਾਂ ਕਾਰਣ ਨਾਲ ਲੱਗਦੀ ਜ਼ਮੀਨ ਵਿਚ ਘਾਰ੍ਹੇ ਬਨਣ ਕਰਕੇ ਜ਼ਮੀਨ ਘੱਗਰ ਵਿਚ ਸਮ੍ਹਾ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਗਰੀਬ ਕਿਸਾਨ ਸਰਬਜੀਤ ਸਿੰਘ ਪੁੱਤਰ ਸਵ.ਸੁਰਜੀਤ ਸਿੰਘ ਜਿਸ ਕੋਲ ਸਿਰਫ ਦੋ ਏਕੜ ਜ਼ਮੀਨ ਹੈ, ਜੋ ਘੱਗਰ ਦਰਿਆ ਨਾਲ ਲੱਗਦੀ ਹੈ। ਸਿਰ ਤੇ ਪਿਤਾ ਦਾ ਸਹਾਰਾ ਨਾ ਹੋਣ ਕਰਕੇ ਜ਼ਮੀਨ ਹਿਸੇ ਠੇਕੇ ਤੇ ਦੇ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਘੱਗਰ ਵਿਚ ਆਉਂਦੇ ਹੜ੍ਹਾਂ ਕਾਰਣ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਹਰ ਵਾਰ ਘੱਗਰ ਵਿਚ ਸਮ੍ਹਾ ਜਾਂਦਾ ਹੈ। ਇਸ ਵਾਰ ਵੀ ਭਾਰੀ ਬਰਸਾਤ ਅਤੇ ਘੱਗਰ ਦੇ ਵੱਧ ਰਹੇ ਪਾਣੀ ਕਰਕੇ ਉਸਦੀ ਦੋ ਕਨਾਲਾਂ ਜ਼ਮੀਨ ਜਿਸ ਵਿਚ ਝੋਨੇ ਦੀ ਫਸਲ ਬੀਜੀ ਹੋਈ ਸੀ ਘੱਗਰ ਦਰਿਆ ਨੇ ਨਿਗਲ ਲਈ ਹੈ। ਜਿਸ ਨਾਲ ਗਰੀਬ ਕਿਸਾਨ ਦਾ ਹੌਲੀ-ਹੌਲੀ ਕਰਕੇ ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਘੱਗਰ ਦੇ ਪਾਣੀ ਦਾ ਦਬਾਅ ਹੋਰ ਵੱਧਣ ਕਰਕੇ ਜ਼ਮੀਨ ਦਾ ਬਾਕੀ ਦਾ ਹਿੱਸਾ ਵਿਚ ਵੀ ਦਰਿਆ ਵਿਚ ਰੁੜ੍ਹ ਜਾਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਕਿਸਾਨ ਦੀ ਘੱਗਰ ਵਿਚ ਆਈ ਜ਼ਮੀਨ ਦੀ ਗਿਰਦਾਵਰੀ ਕਰਕੇ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਨਾਇਬ ਤਹਿਸੀਲਦਾਰ ਓ.ਪੀ. ਜਿੰਦਲ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਆਲਾ ਅਫਸਰਾਨ ਦੇ ਧਿਆਨ ਵਿਚ ਲਿਆਂਦਾ ਜਾਵੇਗਾ।