ਘੱਗਰ ਕਮੇਟੀ ਦੀ ਉੱਚ ਪੱਧਰੀ ਮੀਟਿੰਗ 24 ਨੂੰ, ਵਿਧਾਨ ਸਭਾ ਵਿਚ ਚੁੱਕਿਆ ਗਿਆ ਸੀ ਮੁੱਦਾ
Wednesday, Feb 22, 2023 - 09:34 PM (IST)
ਲਹਿਰਾਗਾਗਾ (ਗਰਗ): ਘੱਗਰ ਦਰਿਆ ਨਾਲ ਹਰ ਸਾਲ ਹੋਣ ਵਾਲੇ ਕਰੋੜਾਂ ਰੁਪਏ ਦੇ ਫਸਲੀ ਅਤੇ ਹੋਰ ਆਰਥਿਕ ਨੁਕਸਾਨ ਅਤੇ ਫੈਲ ਰਹੀਆਂ ਗੰਭੀਰ ਬਿਮਾਰੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਗਰ ਦਰਿਆ ਦੇ ਹੱਲ ਲਈ 11 ਵਿਧਾਇਕਾਂ ਤੇ ਅਧਾਰਤ ਬਣਾਈ ਗਈ ਉੱਚ ਪੱਧਰੀ ਵਿਧਾਨ ਸਭਾ ਘੱਗਰ ਕਮੇਟੀ 24 ਫਰਵਰੀ ਦਿਨ ਸ਼ੁੱਕਰਵਾਰ ਨੂੰ ਹਲਕਾ ਲਹਿਰਾਂ ਵਿਖੇ ਪਹੁੰਚ ਕੇ ਘੱਗਰ ਦਰਿਆ ਦਾ ਦੌਰਾ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਕਾਬਲੇ 'ਚ ਗੈਂਗਸਟਰ ਢੇਰ, ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਪੜ੍ਹੋ TOP 10
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਅਤੇ ਕਮੇਟੀ ਮੈਂਬਰ ਐਡਵੋਕੇਟ ਬਰਿੰਦਰ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਦੇ ਹੱਲ ਲਈ ਸਮੂਹ ਐੱਮ. ਐੱਲ. ਏ. ਅਤੇ ਵੱਖ-ਵੱਖ ਵਿਭਾਗਾਂ ਪ੍ਰਦੂਸ਼ਣ ਕੰਟਰੋਲ ਬੋਰਡ, ਜਲ ਸਰੋਤ ਵਿਭਾਗ ਅਤੇ ਪੰਚਾਇਤੀ ਰਾਜ ਦੇ ਉੱਚ ਅਧਿਕਾਰੀ ਸਵੇਰੇ 11 ਵਜੇ ਖਨੌਰੀ ਪਹੁੰਚਣਗੇ, ਖਨੌਰੀ ਵਿਖੇ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ ਹਲਕੇ ਦੇ ਪਿੰਡ ਮੰਡਵੀ, ਮਕੋੜ ਸਾਹਿਬ ਅਤੇ ਮੂਣਕ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ ਜਾਵੇਗਾ, ਮੌਕੇ ਤੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ ,ਦੌਰੇ ਦੌਰਾਨ ਕਮੇਟੀ ਵੱਲੋਂ ਲੋਕਾਂ ਨਾਲ ਘੱਗਰ ਦੀਆਂ ਸਮੱਸਿਆਵਾਂ ਤੇ ਹੱਲ ਜਾਨਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਵਿਧਾਇਕ ਗੋਇਲ ਨੇ ਦੱਸਿਆ ਕਿ ਕਮੇਟੀ ਵੱਲੋਂ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ 1.30 ਵਜੇ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਕਮੇਟੀ ਦੀ ਵਿਸ਼ੇਸ਼ ਬੈਠਕ ਵਿਚ ਦੌਰੇ ਦੌਰਾਨ ਸਾਹਮਣੇ ਆਏ ਤੱਥਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਰੂਪ-ਰੇਖਾ ਤਿਆਰ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕਣ 'ਤੇ ਸਿਹਤ ਮੰਤਰੀ ਦਾ ਅਹਿਮ ਬਿਆਨ, ਆਖ਼ੀ ਇਹ ਗੱਲ
ਵਿਧਾਇਕ ਗੋਇਲ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਗਰ ਦਾ ਹੱਲ ਕਰਨ ਲਈ ਗੰਭੀਰਤਾ ਦਿਖਾਈ ਹੈ, ਹੋਰ ਕਿਸੇ ਵੀ ਸਰਕਾਰ ਨੇ ਘੱਗਰ ਦਰਿਆ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਘੱਗਰ ਦਰਿਆ ਦੇ ਸਥਾਈ ਹੱਲ ਲਈ ਗੰਭੀਰ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਘੱਗਰ ਦਰਿਆ ਦੀ ਸਮੱਸਿਆ ਦਾ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਗਿਆ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਗਰ ਦਰਿਆ ਦਾ ਸਥਾਈ ਹੱਲ ਕਰਨ ਲਈ ਇੱਕ ਉੱਚ ਪੱਧਰੀ 11 ਵਿਧਾਇਕਾਂ ਤੇ ਅਧਾਰਤ ਵਿਧਾਨ ਸਭਾ ਘੱਗਰ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਵਿਧਾਨ ਸਭਾ ਘੱਗਰ ਕਮੇਟੀ ਦੀ ਹਲਕੇ ਅੰਦਰ ਹੋ ਰਹੀ ਬੈਠਕ ਨੂੰ ਲੈ ਕੇ ਕਿਸਾਨ ਅਤੇ ਲੋਕ ਬਹੁਤ ਆਸਵੰਦ ਹਨ , ਉਨ੍ਹਾਂ ਨੂੰ ਉਮੀਦ ਹੈ ਕਿ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਹਲਕੇ ਨੂੰ ਘੱਗਰ ਦਰਿਆ ਨਾਲ ਹੋਣ ਵਾਲੇ ਨੁਕਸਾਨ ਅਤੇ ਭਿਆਨਕ ਬਿਮਾਰੀਆਂ ਤੋਂ ਰਾਹਤ ਮਿਲੇਗੀ। ਇਸ ਮੌਕੇ ਓ. ਐੱਸ. ਡੀ. ਰਕੇਸ਼ ਕੁਮਾਰ ਗੁਪਤਾ ਅਤੇ ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ ।