ਅਮਰੀਕਾ ਵਿਚ ਲੋਕਾਂ ਨੂੰ ਮਿਲ ਰਿਹਾ ਮਾਸਕ ਤੋਂ ਛੁਟਕਾਰਾ, ਕੀ ਭਾਰਤ ਵਿਚ ਵੀ ਹੈ ਸੰਭਵ!
Thursday, May 20, 2021 - 01:24 PM (IST)
ਨੈਸ਼ਨਲ ਡੈਸਕ : ਅਮਰੀਕਾ ਵਿਚ ਕੋਰੋਨਾ ਵੈਕਸੀਨ ਦੀ ਡੋਜ਼ ਲੁਆ ਚੁੱਕੇ ਲੋਕਾਂ ਲਈ ਮਾਸਕ ਦੀ ਲੋੜ ਖ਼ਤਮ ਕਰਨ ਪਿੱਛੋਂ ਭਾਰਤ ਵਿਚ ਵੀ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇਥੇ 2 ਡੋਜ਼ ਦਾ ਟੀਕਾ ਲੁਆ ਚੁੱਕੇ ਲੋਕਾਂ ਦੀ ਮਾਸਕ ਪਹਿਨਣ ਦੀ ਲੋੜ ਅਜੇ ਵੀ ਕਿਉਂ ਜਾਰੀ ਹੈ? ਦੇਸ਼ ਦੀਆਂ ਸਿਹਤ ਏਜੰਸੀਆਂ ਅਤੇ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਇਸ ਫ਼ੈਸਲੇ ਨੇ ਭਾਰਤੀ ਚਕਿੱਤਸਾ ਖੋਜ ਕੌਂਸਲ (ਆਈ. ਸੀ. ਐੱਮ. ਆਰ.) ਨੂੰ ਵੀ ਹੈਰਾਨੀ ਵਿਚ ਪਾ ਦਿੱਤਾ ਹੈ। ਸੀ. ਡੀ. ਸੀ. ਨੇ ਦਾਅਵਾ ਕਰਦੇ ਹੋਏ ਕਿਹਾ ਕਿ ਉਸਦੀਆਂ ਨਵੀਆਂ ਗਾਈਡਲਾਈਨਜ਼ ਉਨ੍ਹਾਂ ਅਧਿਐਨਾਂ ਦੇ ਸਬੂਤਾਂ ’ਤੇ ਆਧਾਰਿਤ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਟੀਕੇ ਲੁਆਉਣ ਤੋਂ ਬਾਅਦ ਬਹੁਤ ਘੱਟ ਲੋਕ ਇਨਫੈਕਟਿਡ ਹੋ ਰਹੇ ਸਨ। ਬੀਮਾਰੀ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਉਨ੍ਹਾਂ ਦੀ ਸਮਰੱਥਾ ਹੋਰ ਵੀ ਦੁਰਲਭ ਸੀ ਪਰ ਇਸ ਗੱਲ ’ਤੇ ਹਰ ਕੋਈ ਭਰੋਸਾ ਨਹੀਂ ਕਰਦਾ। ਦੁਨੀਆ ਵਿਚ ਸਿਹਤ ਏਜੰਸੀਆਂ ਅਕਸਰ ਸੀ. ਡੀ. ਸੀ. ਤੋਂ ਆਪਣੇ ਲਈ ਸੰਕੇਤ ਲੈਂਦੀਆਂ ਹਨ। ਉਸ ਦੀਆਂ ਤਾਜ਼ਾ ਗਾਈਡਲਾਈਨਜ਼ ’ਤੇ ਸਵਾਲ ਉਠਾਏ ਜਾ ਰਹੇ ਹਨ।
ਐਡਵਾਈਜ਼ਰੀ ਸ਼ਰਤਾਂ ਨਾਲ ਸਿਰਫ ਅਮਰੀਕੀਆਂ ਲਈ ਹੈ
ਸਪੱਸ਼ਟ ਹੈ ਕਿ ਸੀ. ਡੀ. ਸੀ. ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਸਿਰਫ਼ ਅਮਰੀਕੀ ਲੋਕਾਂ ਲਈ ਕੁਝ ਸ਼ਰਤਾਂ ਦੇ ਨਾਲ ਹੈ। ਉਦਾਹਰਣ ਵਜੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਮਾਸਕ ਲਾਉਣਾ ਜਾਰੀ ਰੱਖਣ ਲਈ ਕਿਹਾ ਗਿਆ ਹੈ। ਨਾਲ ਹੀ ਟੀਕਾ ਲੁਆ ਚੁੱਕੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ, ਹਵਾਈ ਉਡਾਣਾਂ ਜਾਂ ਸਿਹਤ ਸਹੂਲਤਾਂ ਵਾਲੀਆਂ ਥਾਵਾਂ ਦਾ ਦੌਰਾ ਕਰਦੇ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਨਵੇਂ ਮਾਮਲੇ ਅਤੇ ਮੌਤਾਂ ਵਿਚ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਹੈ। ਅਜੇ ਵੀ ਲਗਭਗ 30 ਹਜ਼ਾਰ ਨਵੇਂ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਹਰ ਰੋਜ਼ 600 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਸਦਾ ਇਕ ਕਾਰਨ ਆਬਾਦੀ ਵਿਚ ਟੀਕਾਕਰਨ ਦੀ ਕਾਫ਼ੀ ਵੱਧ ਪੈਠ ਹੋ ਸਕਦੀ ਹੈ। ਪਿਛਲੇ ਹਫ਼ਤੇ ਤੱਕ ਇਕ ਕਰੋੜ 20 ਲੱਖ ਤੋਂ ਵੱਧ ਲੋਕਾਂ ਨੇ ਟੀਕੇ ਲੁਆਏ। ਅਮਰੀਕੀ ਆਬਾਦੀ ਦੇ ਲਗਭਗ ਇਕ-ਤਿਹਾਈ ਲੋਕਾਂ ਨੂੰ ਟੀਕਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ :ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ
ਅਮਰੀਕਾ ਵਿਚ ਮਾਸਕ ਦੀ ਲੋੜ ਖ਼ਤਮ ਕਰਨ ਪਿੱਛੇ ਕਾਰਨ
ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਅਮਰੀਕੀਆਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਲਗਾਉਣ ਵਿਚ ਸਾਡੀ ਬੇਮਿਸਾਲ ਸਫ਼ਲਤਾ ਕਾਰਨ ਬਹੁਤ ਕੁਝ ਸੰਭਵ ਹੋਇਆ ਹੈ। ਸੀ. ਡੀ. ਸੀ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਵੈਕਸੀਨ ਦੀ ਪੂਰੀ ਖੁਰਾਕ ਲੈ ਚੁੱਕੇ ਲੋਕਾਂ ਦੇ ਕੋਵਿਡ-19 ਤੋਂ ਪੀੜਤ ਹੋਣ ਦਾ ਖ਼ਤਰਾ ਬਹੁਤ ਹੀ ਘੱਟ ਹੈ। ਵੈਕਸੀਨ ਨੇ ਲੋਕਾਂ ਰਾਹੀਂ ਇਸ ਭਿਆਨਕ ਰੋਗ ਦੇ ਫੈਲਣ ਦਾ ਖਤਰਾ ਘੱਟ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਸੀ ਕਿ ਸੀ. ਡੀ. ਸੀ. ਦੀ ਐਡਵਾਈਜ਼ਰੀ ਨੂੰ ਵੈਕਸੀਨੇਸ਼ਨ ਨੂੰ ਹੱਲਾਸ਼ੇਰੀ ਦੇਣ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਵਿਚ ਵੈਕਸੀਨ ਨੂੰ ਲੈ ਕੇ ਲੋਕਾਂ ਵਿਚ ਝਿਜਕ ਹੈ। ਕੁਝ ਦਾ ਕਹਿਣਾ ਹੈ ਕਿ ਇਸ ਨੂੰ ਆਰਥਿਕ ਸਰਗਰਮੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਸਰਕਾਰ ਦੇ ਇਰਾਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ।
ਬਿਨਾਂ ਮਾਸਕ ਤੋਂ ਨਜ਼ਰ ਆਏ ਬਾਈਡੇਨ ਅਤੇ ਹੋਰ ਆਗੂ
ਅਮਰੀਕਾ ਵਿਚ ਕੋਵਿਡ-19 ਰੋਕੂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਲੋਕਾਂ ਲਈ ਮਾਸਕ ਪਹਿਨਣ ਦੀ ਲੋੜ ਖ਼ਤਮ ਹੋਣ ਤੋਂ ਬਾਅਦ ਕਈ ਨੇਤਾ ਬਿਨਾਂ ਮਾਸਕ ਤੋਂ ਨਜ਼ਰ ਆਏ। ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੇ ਕਿਹਾ ਕਿ ਆਖਿਰ ਬਿਨਾਂ ਮਾਸਕ ਲਾਏ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਅੱਗੇ ਵਧ ਰਹੇ ਹੋਈਏ।
ਪੱਤਰਕਾਰਾਂ ਨੇ ਰਾਸ਼ਟਰਪਤੀ ਬਾਈਡੇਨ ਨੂੰ ਬਿਨਾਂ ਮਾਸਕ ਤੋਂ ਵੇਖਿਆ। ਇਹ ਪੁੱਛਣ ’ਤੇ ਕਿ ਕੀ ਉਹ ਮਾਸਕ ਲਾਏ ਬਿਨਾਂ ਆਪਣੇ ਕੰਮਕਾਜ ਦੇ ਪਹਿਲੇ ਦਿਨ ਦਾ ਆਨੰਦ ਉਠਾ ਰਹੇ ਹਨ ਤਾਂ ਉਨ੍ਹਾਂ ਹਾਂ ਵਿਚ ਜਵਾਬ ਦਿੱਤਾ। ਉਥੇ ਨਾਲ ਹੀ ਇਕ ਰਿਪਬਲੀਕਨ ਸੈਨੇਟਰ ਨੇ ਕਿਹਾ ਕਿ ਮਾਸਕ ਨਾ ਲਾਉਣ ਨਾਲ ਯਕੀਨੀ ਤੌਰ ’ਤੇ ਚੰਗੀ ਤਰ੍ਹਾਂ ਗੱਲਬਾਤ ਕਰਨ ਵਿਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਸੀ. ਡੀ. ਸੀ. ਦੀ ਐਡਵਾਈਜ਼ਰੀ ’ਤੇ ਭਾਰਤ ਦੀ ਨਜ਼ਰ
ਸੀ. ਡੀ. ਸੀ. ਦੇ ਦਿਸ਼ਾ-ਨਿਰਦੇਸ਼ ਭਾਰਤ ਵਿਚ ਹਾਲਾਤ ਨੂੰ ਬਦਲ ਨਹੀਂ ਸਕਦੇ ਪਰ ਇਹ ਸੰਭਵ ਹੈ ਕਿ ਕੁਝ ਟੀਕਾਕਰਨ ਵਾਲੇ ਲੋਕ ਅਮਰੀਕਾ ਦੇ ਫੈਸਲਿਆਂ ਤੋਂ ਪ੍ਰਭਾਵਿਤ ਹੋ ਜਾਣ ਅਤੇ ਇਹ ਸੋਚ ਕੇ ਮਾਸਕ ਛੱਡ ਦੇਣ ਕਿ ਉਹ ਹੁਣ ਸੁਰੱਖਿਅਤ ਹਨ ਅਤੇ ਉਹ ਕਿਸੇ ਹੋਰ ਨੂੰ ਇਨਫੈਕਟਿਡ ਕਰਨ ਦੀ ਹਾਲਤ ਵਿਚ ਨਹੀਂ ਹਨ। ਇਸ ਲਈ ਭਾਰਤ ਵਿਚ ਵਿਗਿਆਨੀ ਅਤੇ ਸਿਹਤ ਮਾਹਿਰ ਸੀ. ਡੀ. ਸੀ. ਦੇ ਫ਼ੈਸਲੇ ਨਾਲ ਆਪਣੀ ਸਹਿਮਤੀ ਨਹੀਂ ਪ੍ਰਗਟਾ ਰਹੇ। ਮਹਾਰਾਸ਼ਟਰ ਵਿਚ ਕੋਵਿਡ-19 ਟਾਸਕ ਫੋਰਸ ਦੇ ਮਾਹਿਰ ਮੈਂਬਰ ਡਾ. ਸ਼ਸ਼ਾਂਕ ਜੋਸ਼ੀ ਦਾ ਕਹਿਣਾ ਹੈ ਕਿ ਉਹ ਸੀ. ਡੀ. ਸੀ. ਦੇ ਮਾਰਗ ਦਰਸ਼ਨ ਨਾਲ ਸਹਿਮਤ ਨਹੀਂ ਹਨ। ਉਹ ਕਹਿੰਦੇ ਹਨ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਸੀ. ਡੀ. ਸੀ. ਕੋਲ ਕਈ ਢੁਕਵੇਂ ਅੰਕੜੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਹਾਲਾਤ ਬਹੁਤ ਵੱਖਰੇ ਹਨ। ਦੂਜੀ ਲਹਿਰ ਅਜੇ ਵੀ ਸਰਗਰਮ ਹੈ। ਆਬਾਦੀ ਦੇ ਸਿਰਫ ਇਕ ਛੋਟੇ ਜਿਹੇ ਹਿੱਸੇ ਨੂੰ ਟੀਕਾ ਲਾਇਆ ਚੁਕਾ ਹੈ। ਲੋਕਾਂ ਦੀ ਸੰਵੇਦਨਸ਼ੀਲਤਾ ’ਤੇ ਟੀਕਿਆਂ ਦੇ ਪ੍ਰਭਾਵ ਸਬੰਧੀ ਅਧਿਐਨ ਬਹੁਤ ਘੱਟ ਹੋਏ ਹਨ।
ਭਾਰਤ ਵਿਚ ਬ੍ਰੇਕ ਥਰੂ ਇਨਫੈਕਸ਼ਨ ਕਾਰਨ ਮਾਸਕ ਰਹੇਗਾ ਜ਼ਰੂਰੀ
ਸਿਹਤ ਮੰਤਰਾਲਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਅਜੇ ਐਡਵਾਈਜ਼ਰੀ ਨੂੰ ਸੋਧੇ ਜਾਣ ਦੀ ਯੋਜਨਾ ਨਹੀਂ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਅਜੇ ਇਸ ਪੜਾਅ ਵਿਚ ਅਜਿਹਾ ਰਿਸਕ ਨਹੀਂ ਲੈ ਸਕਦੇ। ਅਧਿਕਾਰੀ ਮੁਤਾਬਕ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੈਣ ਤੋਂ ਬਾਅਦ ਵੀ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਬ੍ਰੇਕ ਥਰੂ ਇਨਫੈਕਸ਼ਨ ਕਹਿੰਦੇ ਹਨ। ਬੇਸ਼ੱਕ ਹੀ ਇਨ੍ਹਾਂ ਦੀ ਗਿਣਤੀ ਨਾਮਾਤਰ ਹੀ ਹੈ ਪਰ ਅਜੇ ਮਾਸਕ ਨੂੰ ਲਾਂਭੇ ਨਹੀਂ ਕੀਤਾ ਜਾ ਸਕਦਾ ਹੈ। ਏਮਸ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਮੁਤਾਬਕ ਵਾਇਰਸ ਲਗਾਤਾਰ ਮਿਊਟੇਟ (ਰੂਪ ਬਦਲ ਰਿਹਾ ਹੈ) ਹੋ ਰਿਹਾ ਹੈ। ਇਕ ਗੈਰ-ਯਕੀਨੀ ਵਾਲੀ ਗੱਲ ਇਹ ਹੈ ਕਿ ਨਵੀਂ ਕਿਸਮ ’ਤੇ ਵੈਕਸੀਨ ਕਿੰਨਾ ਅਸਰ ਕਰਦੀ ਹੈ। ਇਸ ਬਾਰੇ ਵੀ ਅਹਿਤਿਆਤ ਵਰਤੇ ਜਾਣ ਦੀ ਲੋੜ ਹੈ। ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਦਾ ਪਾਲਣ ਕਰਨਾ ਉਨ੍ਹਾਂ ਲਈ ਅਜੇ ਜ਼ਰੂਰੀ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਘੱਟੋ-ਘੱਟ ਜਦੋਂ ਤੱਕ ਸਾਡੇ ਕੋਲ ਵਧੇਰੇ ਡਾਟਾ ਨਹੀਂ ਆਉਂਦਾ, ਸਾਨੂੰ ਅਜੇ ਚੌਕਸੀ ਵਰਤਣ ਦੀ ਲੋੜ ਹੈ। ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਵਾਇਰਸ ਬਹੁਤ ਸ਼ਾਤਿਰ ਹੈ। ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਜਿਥੋਂ ਤੱਕ ਨਵੇਂ ਉਭਰਦੇ ਵੇਰੀਐਂਟ ਦੀ ਗੱਲ ਹੈ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਹਨ ਕਿ ਵੈਕਸੀਨ ਨਾਲ ਕਿੰਨੀ ਸੁਰੱਖਿਆ ਮਿਲੇਗੀ।
ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ
ਕੀ ਕਹਿੰਦੇ ਹਨ ਸਾਬਕਾ ਮਹਾਮਾਰੀ ਵਿਗਿਆਨੀ ਮੁਖੀ ਡਾ. ਆਰ. ਆਰ. ਗੰਗਾਖੇੜਕਰ
ਆਈ. ਸੀ. ਐੱਮ. ਆਰ. ਦੇ ਸਾਬਕਾ ਮਹਾਮਾਰੀ ਮੁਖੀ ਡਾ. ਆਰ. ਆਰ. ਗੰਗਾਖੇੜਕਰ ਕਹਿੰਦੇ ਹਨ ਕਿ ਸੀ. ਡੀ. ਸੀ. ਦੀ ਐਡਵਾਈਜ਼ਰੀ ਇਸ ਲਈ ਸੰਭਵ ਹੋਈ ਕਿਉਂਕਿ ਵੱਖ-ਵੱਖ ਕਿਸਮ ਦੇ ਟੀਕਿਆਂ ਦੀ ਵਰਤੋਂ ਅਮਰੀਕਾ ਵਿਚ ਕੀਤੀ ਜਾ ਰਹੀ ਹੈ। ਉਹ ਐੱਮ. ਆਰ. ਐੱਨ. ਏ. ਦੇ ਟੀਕਿਆਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿਚ ਇਨਫੈਕਸ਼ਨ ਦੇ ਖਤਰਿਆਂ ਨੂੰ ਘੱਟ ਕਰਨ ਲਈ ਕਾਫੀ ਉੱਚ ਪ੍ਰਭਾਵਕਾਰਿਤਾ ਹੈ। ਕੁਝ ਅਧਿਐਨਾਂ ਮੁਤਾਬਕ ਐੱਮ. ਆਰ. ਐੱਨ. ਏ. ਦੇ ਟੀਕੇ ਵੇਰੀਐਂਟ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹਨ। ਇਸ ਲਈ ਟੀਕਾ ਲੁਆਉਣ ਵਾਲੇ ਲੋਕਾਂ ਨੂੰ ਆਪਣੇ ਮਾਸਕ ਛੱਡਣ ਦੀ ਆਗਿਆ ਦੇਣ ਦਾ ਫੈਸਲਾ ਆਵਾਜ਼ ਦੇ ਵਿਗਿਆਨਕ ਸਬੂਤਾਂ ’ਤੇ ਆਧਾਰਿਤ ਹੋ ਸਕਦਾ ਹੈ। ਜੇ ਲੋਕ ਆਤਮਸੰਤੁਸ਼ਟ ਹੋ ਜਾਂਦੇ ਹਨ ਅਤੇ ਖਰਾਬ ਹਵਾਦਾਰ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵੀ ਮਾਸਕ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਖਤਰੇ ਨਾਲ ਭਰਿਆ ਹੋ ਸਕਦਾ ਹੈ। ਇਸ ਦੇ ਸਿੱਟੇ ਵਜੋਂ ਪ੍ਰਕੋਪ ਮੁੜ ਤੋਂ ਉਭਰ ਸਕਦਾ ਹੈ।
ਬਿਨਾਂ ਮਾਸਕ ਵਾਲੇ ਵਿਅਕਤੀ ਦੇ ਟੀਕਾਕਰਨ ਦੀ ਪੁਸ਼ਟੀ ਕਿਵੇਂ ਹੋਵੇਗੀ
ਅਮਰੀਕਾ ਫਾਈਜ਼ਰ-ਬਾਇਓਐਂਟੈਕ ਅਤੇ ਮਾਡਰਨਾ ਵੱਲੋਂ ਵਿਕਸਿਤ ਟੀਕਿਆਂ ਦੀ ਵਰਤੋਂ ਕਰ ਰਿਹਾ ਹੈ। ਇਸ ਵੱਲੋਂ ਜਾਨਸਨ ਐਂਡ ਜਾਨਸਨ ਦੀ ਸਿੰਗਲ ਖੁਰਾਕ ਵਾਲੀ ਵੈਕਸੀਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਅਧਿਐਨ ਨੇ ਉਨ੍ਹਾਂ ਲੋਕਾਂ ਵਿਚ ਇਨਫੈਕਸ਼ਨ ਦੇ ਬਹੁਤ ਘੱਟ ਮਾਮਲੇ ਵਿਖਾਏ ਹਨ, ਜਿਨ੍ਹਾਂ ਨੇ ਪਹਿਲੇ 2 ਟੀਕਿਆਂ ਦੀ ਖੁਰਾਕ ਜਾਨਸਨ ਐਂਡ ਜਾਨਸਨ ਦੇ ਟੀਕੇ ਦੇ ਮੁਕਾਬਲੇ ਸਿੰਗਲ ਹੀ ਲਈ ਹੈ। ਫਿਰ ਵੀ ਸੀ. ਡੀ. ਸੀ. ਦੀ ਐਡਵਾਈਜ਼ਰੀ ਦੇ ਆਸ-ਪਾਸ ਬਹੁਤ ਸਾਰੇ ਸ਼ੱਕ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨੂੰ ਲਾਗੂ ਕਰਨ ਵਿਚ ਮੁਸ਼ਕਲ ਹੋਣ ਦੇ ਨਾਲ-ਨਾਲ ਲੋਕਾਂ ਵਿਚ ਭੁਲੇਖਾ ਵੀ ਪੈਦਾ ਹੋ ਸਕਦਾ ਹੈ। ਆਖਿਰ ਕੌਣ ਜਾਂਚ ਕਰੇਗਾ ਕਿ ਜਿਸ ਵਿਅਕਤੀ ਨੇ ਮਾਸਕ ਨਹੀਂ ਪਾਇਆ, ਉਸਨੇ ਟੀਕਾ ਲੁਆਇਆ ਹੈ ਜਾਂ ਨਹੀਂ।
ਨੋਟ: ਭਾਰਤ ਵਿਚ ਕੋਰੋਨਾ ਹਾਲਾਤ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ?