ਜੇਲਾਂ ''ਚ ਬੈਠੇ ਗੈਂਗਸਟਰ ਜੱਗੂ, ਬਿਸ਼ਨੋਈ ਤੇ ਮਲਹੋਤਰਾ ਸਮੇਤ 8 ਖਿਲਾਫ ਮਾਮਲਾ ਦਰਜ

06/21/2020 1:02:12 AM

ਅੰਮ੍ਰਿਤਸਰ,(ਸੰਜੀਵ)- ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚ ਬੈਠੇ ਖਤਰਨਾਕ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਅਤੇ ਸਾਗਰ ਮਲਹੋਤਰਾ ਵਲੋਂ ਜੇਲ ਤੋਂ ਚਲਾਏ ਜਾ ਰਹੇ ਗਿਰੋਹ 'ਚ ਸ਼ਾਮਲ ਉਨ੍ਹਾਂ ਦੇ ਸਾਥੀਆਂ 'ਚ ਨਿਤਿਨ ਨਾਹਰ, ਬਿਕਰਮਜੀਤ ਸਿੰਘ, ਕਾਰਤਿਕ ਘੋੜਾ, ਗੋਲੂ ਅਤੇ ਆਸ਼ੂ ਹਨੀ ਸਿੰਘ ਵਿਰੁੱਧ ਥਾਣਾ ਘਰਿੰਡਾ ਦੀ ਪੁਲਸ ਨੇ ਕੇਸ ਦਰਜ ਕਰਕੇ ਨਿਤਿਨ ਨਾਹਰ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੇ ਕਬਜੇ 'ਚੋਂ 32 ਬੋਰ ਦੀ ਇੱਕ ਪਿਸਤੌਲ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਗੈਂਗ ਵਲੋਂ 3 ਦਿਨ ਪਹਿਲਾਂ ਚੰਡੀਗੜ੍ਹ ਦੇ 33 ਸੈਕਟਰ 'ਚ ਜੰਮ ਕੇ ਗੋਲੀਆਂ ਚਲਾਈਆਂ ਗਈਆਂ ਸੀ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਗੁਮਾਨਪੁਰਾ ਫਾਟਕ ਤੋਂ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ।

ਦੋਵਾਂ ਗੈਂਗਸਟਰਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਦਿਹਾਤੀ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਪੰਜਾਬ ਦੀ ਵੱਖ-ਵੱਖ ਜੇਲਾਂ 'ਚ ਬੈਠੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆਂ, ਲਾਰੈਂਸ ਬਿਸ਼ਨੋਈ ਅਤੇ ਸਾਗਰ ਮਲਹੋਤਰਾ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗਿਰੋਹ ਬਣਾ ਰੱਖਿਆ ਹੈ, ਜਿਸ ਦੇ ਮੈਂਬਰ ਜੇਲ ਤੋਂ ਆਏ ਹੁਕਮਾਂ 'ਤੇ ਬਾਹਰ ਕੰਮ ਕਰ ਰਹੇ ਹਨ। ਗੈਂਗ 'ਚ ਉਕਤ ਮੁਲਜਮ ਸ਼ਾਮਲ ਹਨ, ਜਿਵੇਂ ਹੀ ਜੇਲ ਤੋਂ ਇੰਨ੍ਹਾਂ ਨੂੰ ਵਾਰਦਾਤ ਦਾ ਨਿਰਦੇਸ਼ ਮਿਲਦਾ ਹੈ ਤਾਂ ਇਹ ਉਸ ਨੂੰ ਅੰਜਾਮ ਦਿੰਦੇ ਹਨ। ਥਾਣਾ ਘਰਿੰਡਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗ ਦੇ 2 ਮੈਂਬਰ ਮੋਟਰਸਾਈਕਲ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਹਨ। ਪੁਲਸ ਨੇ ਨਾਕਾਬੰਦੀ ਕਰਕੇ ਦੋਵਾਂ ਗੈਂਗਸਟਰਾਂ ਨਿਤਿਨ ਨਾਹਰ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਪੁਲਸ ਹੁਣ ਇਨ੍ਹਾਂ ਤੋਂ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ।
 


Deepak Kumar

Content Editor

Related News