ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਗੈਸ ਮਾਫ਼ੀਆ ਦੇ ਅੱਡੇ ’ਤੇ ਕੀਤੀ ਛਾਪੇਮਾਰੀ

Thursday, Feb 24, 2022 - 12:15 PM (IST)

ਲੁਧਿਆਣਾ (ਖੁਰਾਣਾ) : ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਕੁਮਾਰ ਬੇਰੀ ਦੇ ਨਿਰਦੇਸ਼ਾਂ ’ਤੇ ਡੀ. ਐੱਫ. ਐੱਸ. ਓ. ਨੇ ਫਿਰੋਜ਼ਪੁਰ ਰੋਡ ਸਥਿਤ ਇਆਲੀ ਚੌਂਕ ਕੋਲ ਗੈਸ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਅੱਡੇ ’ਤੇ ਛਾਪੇਮਾਰੀ ਕਰ ਕੇ 8 ਘਰੇਲੂ ਗੈਸ ਸਿਲੰਡਰਾਂ ਸਮੇਤ ਹੋਰ ਸਮਾਨ ਕਬਜ਼ੇ ਵਿਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਇਆਲੀ ਚੌਂਕ ਕੋਲ ਗੈਸ ਮਾਫ਼ੀਆ ਦੇ ਗੁਰਗਿਆਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਦਾ ਗੋਰਖਧੰਦਾ ਚਲਾਇਆ ਜਾ ਰਿਹਾ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਸੀ, ਸਗੋਂ ਲੋਕਾਂ ਨੂੰ ਇਸ ਗੱਲ ਦਾ ਵੀ ਡਰ ਸਤਾ ਰਿਹਾ ਸੀ ਕਿ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਮੌਤ ਦੇ ਕਾਲੇ ਕਾਰੋਬਾਰ ਦੌਰਾਨ ਹੋਣ ਵਾਲੀ ਇਕ ਛੋਟੀ ਜਿਹੀ ਲਾਪਰਵਾਹੀ ਕਈ ਬੇਗੁਨਾਹ ਇਲਾਕਾ ਨਿਵਾਸੀਆਂ ਨੂੰ ਜਾਨੀ ਤੇ ਮਾਲੀ ਨੁਕਸਾਨ ਪਹੁੰਚਾ ਸਕਦੀ ਹੈ। ਵਿਭਾਗ ਵੱਲੋਂ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ’ਤੇ ਤੁਰੰਤ ਗੈਸ ਮਾਫ਼ੀਆ ਦੇ ਨਾਜਾਇਜ਼ ਟਿਕਾਣੇ ’ਤੇ ਛਾਪੇਮਾਰੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਟੀਮ ਵੱਲੋਂ ਕਾਰਵਾਈ ਕੀਤੀ ਗਈ ਤਾਂ ਉਸ ਸਮੇਂ ਵੱਡੀ ਗਿਣਤੀ ਵਿਚ ਐੱਲ. ਪੀ. ਜੀ. ਗੈਸ ਚਲਿਤ ਆਟੋ ਰਿਕਸ਼ਾ ਵਿਚ ਗੈਸ ਭਰੀ ਜਾ ਰਹੀ ਸੀ, ਜਿਨ੍ਹਾਂ ਨੂੰ ਟੀਮ ਮੁਲਾਜ਼ਮਾਂ ਵੱਲੋਂ ਚਿਤਾਵਨੀ ਦੇ ਕੇ ਮੌਕੇ ਤੋਂ ਜਾਣ ਦਿੱਤਾ ਗਿਆ।
ਭਵਿੱਖ ਵਿਚ ਵੀ ਜਾਰੀ ਰਹੇਗਾ ਆਪਰੇਸ਼ਨ : ਕੰਟਰੋਲਰ
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਬਣਾਈ ਟੀਮ ਵਿਚ ਸ਼ਾਮਲ ਰੌਸ਼ਨ ਚੋਪੜਾ, ਸੁਖਮਨ ਸਿੰਘ, ਰਾਹੁਲ ਕੌਸ਼ਲ, ਹਰਸਿਮਰਨ ਸਿੰਘ ਅਤੇ ਅਮਨਦੀਪ ਸਿੰਘ ਨੇ ਮੌਕੇ ’ਤੇ ਕਾਰਵਾਈ ਕਰਦੇ ਹੋਏ 8 ਘਰੇਲੂ ਗੈਸ ਸਿਲੰਡਰ, 1 ਇਲੈਕਟ੍ਰਾਨਿਕ ਮਸ਼ੀਨ, 1 ਇਲੈਕਟ੍ਰਾਨਿਕ ਕੰਡਾ, 6 ਗੈਸ ਪਾਈਪਾਂ ਅਤੇ ਇਕ ਪੰਪ ਮਸ਼ੀਨ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਦਿਨਾਂ ਵਿਚ ਵੀ ਗੈਸ ਮਾਫ਼ੀਆ ਦੇ ਗੈਰ-ਕਾਨੂੰਨੀ ਅੱਡੇ ’ਤੇ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਕਾਲਾਬਾਜ਼ਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੇਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਵਾਉਣ ਸਬੰਧੀ ਪ੍ਰਸ਼ਾਸਨ ਨੂੰ ਵੀ ਲਿਖਿਆ ਜਾਵੇਗਾ।
 


Babita

Content Editor

Related News