ਬਿਨਾਂ ਖਪਤਕਾਰ ਦੀ ਮਰਜ਼ੀ ਦੇ ਗੈਸ ਕੁਨੈਕਸ਼ਨ ਨਾ ਹੋਣ ਟਰਾਂਸਫਰ

Wednesday, Jan 17, 2018 - 09:25 AM (IST)

ਬਿਨਾਂ ਖਪਤਕਾਰ ਦੀ ਮਰਜ਼ੀ ਦੇ ਗੈਸ ਕੁਨੈਕਸ਼ਨ ਨਾ ਹੋਣ ਟਰਾਂਸਫਰ

ਲੁਧਿਆਣਾ (ਖੁਰਾਣਾ) : ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਹੁਣ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਕਮਾਨ ਸੰਭਾਲਦੇ ਹੋਏ ਗੈਸ ਕੰਪਨੀਆਂ ਨੂੰ ਦੋ ਟੁੱਕ ਹੁਕਮ ਜਾਰੀ ਕੀਤੇ ਹਨ ਕਿ ਉਹ ਬਿਨਾਂ ਕਿਸੇ ਖਪਤਕਾਰ ਦੀ ਮਰਜ਼ੀ ਦੇ ਉਨ੍ਹਾਂ ਦੇ ਗੈਸ ਕੁਨੈਕਸ਼ਨ ਇਕ ਤੋਂ ਦੂਜੀ ਗੈਸ ਏਜੰਸੀ 'ਤੇ ਟਰਾਂਸਫਰ ਕਰਨ ਤੋਂ ਬਾਜ਼ ਆਉਣ ਕਿਉਂਕਿ ਕੰਪਨੀਆਂ ਵਲੋਂ ਖਪਤਕਾਰਾਂ ਨੂੰ ਬਿਨਾਂ ਕਿਸੇ ਅਗੇਤੀ ਸੂਚਨਾ ਤੇ ਭਰੋਸੇ 'ਚ ਲਏ ਉਨ੍ਹਾਂ ਦਾ ਗੈਸ ਕੁਨੈਕਸ਼ਨ ਹੋਰਨਾਂ ਏਜੰਸੀਆਂ 'ਤੇ ਟਰਾਂਸਫਰ ਕਰਨ ਨਾਲ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀਆਂ ਦੇ ਦੌਰ 'ਚੋਂ ਗੁਜ਼ਰਨਾ ਪੈਂਦਾ ਹੈ।  
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੱਖ-ਵੱਖ ਗੈਸ ਏਜੰਸੀਆਂ ਵਲੋਂ ਆਪਣੇ ਖੇਤਰਾਂ ਵਿਚ ਨਵੀਂ ਗੈਸ ਏਜੰਸੀ ਖੋਲ੍ਹੇ ਜਾਣ ਦੀ ਸੂਰਤ ਵਿਚ ਇਲਾਕੇ 'ਚ ਪਹਿਲਾਂ ਤੋਂ ਚੱਲ ਰਹੀਆਂ ਗੈਸ ਏਜੰਸੀਆਂ ਤੋਂ ਸਪਲਾਈ ਪ੍ਰਾਪਤ ਕਰ ਰਹੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਖਪਤਕਾਰ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਨਵੀਆਂ ਗੈਸ ਏਜੰਸੀਆਂ ਜਾਂ ਹੋਰਨਾਂ ਏਜੰਸੀਆਂ 'ਤੇ ਲਾ ਦਿੱਤੇ ਜਾਂਦੇ ਸਨ, ਜਿਸ ਕਾਰਨ ਕਈ ਵਾਰ ਖਪਤਕਾਰਾਂ ਵਲੋਂ ਵਿਰੋਧ ਜਤਾਉਂਦੇ ਹੋਏ ਧਰਨੇ ਪ੍ਰਦਰਸ਼ਨ ਤੱਕ ਵੀ ਕੀਤੇ ਜਾ ਚੁੱਕੇ ਹਨ ਪਰ ਬਾਵਜੂਦ ਇਸ ਸਭ ਦੇ ਕੁਨੈਕਸ਼ਨ ਟਰਾਂਸਫਰ ਦਾ ਚਲਨ ਨਹੀਂ ਰੁਕ ਰਿਹਾ ਅਤੇ ਪਿਛਲੇ ਸਮੇਂ ਤੱਕ ਗੈਸ ਕੰਪਨੀਆਂ ਵਲੋਂ ਆਪਣੀ ਸਹੂਲਤ ਦੇ ਮੁਤਾਬਕ ਇਧਰੋਂ ਓਧਰ ਕਰਨ ਦੀ ਪ੍ਰਕਿਰਿਆ ਇੰਝ ਹੀ ਚਲਦੀ ਰਹੀ ਹੈ।
'ਜਗ ਬਾਣੀ' ਨੇ ਪਬਲਿਕ ਦੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ
ਇਥੇ ਦੱਸਣਾ ਜ਼ਰੂਰੀ ਰਹੇਗਾ ਕਿ 'ਜਗ ਬਾਣੀ' ਵਲੋਂ 15 ਜਨਵਰੀ ਨੂੰ ਪ੍ਰਕਾਸ਼ਿਤ ਅੰਕ 'ਚ ਸਿਰਲੇਖ 'ਗੈਸ ਕੰਪਨੀ ਵਲੋਂ ਬਿਨਾਂ ਸੂਚਨਾ ਖਪਤਕਾਰਾਂ ਨੂੰ ਟਰਾਂਸਫਰ ਕਰਨ ਦੀ ਚਰਚਾ' 'ਤੇ ਨੋਟਿਸ ਲੈਂਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਕੇਸ ਵਿਚ ਕੰਪਨੀ ਦੇ ਅਧਿਕਾਰੀਆਂ ਤੋਂ ਜਵਾਬ-ਤਲਬੀ ਕਰਨ ਦੀ ਗੱਲ ਕਹੀ ਸੀ। ਵਿਭਾਗ ਵਲੋਂ ਇਸ ਸਬੰਧੀ ਗੈਸ ਕੰਪਨੀਆਂ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਚਿਤਾਵਨੀ ਦਿੱਤੀ ਗਈ ਕਿ ਉਹ ਖਪਤਕਾਰਾਂ ਦੀ ਮਰਜ਼ੀ ਤੋਂ ਬਗੈਰ ਉਨ੍ਹਾਂ ਦੇ ਗੈਸ ਕੁਨੈਕਸ਼ਨ ਕਿਸੇ ਹੋਰ ਗੈਸ ਏਜੰਸੀ 'ਤੇ ਟਰਾਂਸਫਰ ਨਹੀਂ ਕਰਨਗੇ। ਇਸ ਲਈ ਗੈਸ ਏਜੰਸੀ ਦਫਤਰਾਂ ਦੇ ਬਾਹਰ ਸੂਚਨਾ ਬੋਰਡ ਲਾਉਣ ਦੇ ਵੀ ਹੁਕਮ ਜਾਰੀ ਕੀਤੇ ਜਾਣਗੇ, ਜਿਨ੍ਹਾਂ 'ਤੇ ਸਾਫ ਲਫਜ਼ਾਂ ਵਿਚ ਲਿਖਿਆ ਹੋਵੇਗਾ ਕਿ ਖਪਤਕਾਰ ਆਪਣੀ ਸਹੂਲਤ ਮੁਤਾਬਕ ਆਪਣੇ ਗੈਸ ਕੁਨੈਕਸ਼ਨ ਕਿਸੇ ਹੋਰ ਏਜੰਸੀ 'ਤੇ ਟਰਾਂਸਫਰ ਕਰ ਸਕਦੇ ਹਨ ਨਾ ਕਿ ਗੈਸ ਕੰਪਨੀਆਂ। ਫਿਰ ਵੀ ਜੇਕਰ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਗੈਸ ਕੰਪਨੀਆਂ ਅਤੇ ਏਜੰਸੀਆਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News