ਗੜ੍ਹਸ਼ੰਕਰ ਦਾ ਮੁਹੱਲਾ ਪੈਨਸਰੀਆ ਬਣਾਇਆ ਮਾਈਕ੍ਰੋ ਕੰਟੋਨਮੈਂਟ ਜ਼ੋਨ
Tuesday, Aug 18, 2020 - 02:37 PM (IST)
ਗੜ੍ਹਸ਼ੰਕਰ (ਸ਼ੋਰੀ) : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਗੜ੍ਹਸ਼ੰਕਰ ਦੇ ਵਾਰਡ ਨੰਬਰ 9 ਦੇ ਮੁਹੱਲਾ ਪੈਨਸਰੀਆ ਨੂੰ ਮਾਈਕ੍ਰੋ ਕੰਟੋਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਇਸ ਮੁਹੱਲੇ ਵਿਚ 10 ਦੇ ਕਰੀਬ ਆਏ ਕੋਰੋਨਾ ਪਾਜ਼ੇਟਿਵ ਮਾਮਲਿਆਂ ਨੂੰ ਮੁੱਖ ਰੱਖਦੇ ਲਿਆ ਗਿਆ ਹੈ। ਐੱਸ. ਐੱਮ. ਓ. ਗੜ੍ਹਸ਼ੰਕਰ ਡਾ. ਟੇਕ ਰਾਜ ਭਾਟੀਆ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਇਕ ਟੀਮ ਨੇ ਮਾਈਕ੍ਰੋ ਕੰਟੋਨਮੈਂਟ ਜ਼ੋਨ ਦੀਆਂ ਹੱਦਾਂ ਤੈਅ ਕਰਨ ਲਈ ਅੱਜ ਉਚੇਚੇ ਤੌਰ 'ਤੇ ਦੌਰਾ ਕੀਤਾ।
ਦੱਸਣਯੋਗ ਹੈ ਕਿ ਗੜ੍ਹਸ਼ੰਕਰ ਵਿਚ ਹੁਣ ਤੱਕ ਕੁੱਲ 65 ਮਾਮਲੇ ਕੋਰੋਨਾ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ, 1 ਵਿਅਕਤੀ ਫ਼ਰਾਰ ਹੈ, 29 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 34 ਮਰੀਜ਼ ਸਰਗਰਮ ਹਨ।
ਸਰਗਰਮ ਮਾਮਲਿਆਂ ਵਿਚੋਂ ਕਈਆਂ ਨੂੰ ਹੋਮ ਆਈਸੋਲੇਸ਼ਨ ਅਤੇ ਕਈ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਸੈਂਟਰ ਵਿਚ ਅਤੇ ਕੁੱਝ ਨਿੱਜੀ ਹਸਪਤਾਲਾਂ ਵਿਚ ਆਈਸੋਲੇਟ ਹਨ। ਸ਼ਹਿਰ ਵਿਚ ਤਿੰਨ ਮਾਈਕ੍ਰੋ ਕੰਟੋਨਮੈਂਟ ਜੋਨ ਹਨ ਜਿਨ੍ਹਾਂ ਵਿਚ ਨੰਗਲ ਰੋਡ ਦੀ ਹੱਦ 20 ਅਗਸਤ ਤੱਕ, ਜੋੜਿਆ ਮਹੱਲਾ 24 ਅਗਸਤ ਤੱਕ ਅਤੇ ਪੈਨਸੀਆ ਮੁਹੱਲਾ ਅੱਜ ਤੋਂ 14 ਦਿਨ ਤੱਕ ਮਾਈਕ੍ਰੋ ਕੰਟੋਨਮੈਂਟ ਜੋਨ ਬਣਿਆ ਰਹੇਗਾ।