ਮੀਂਹ ਕਾਰਨ ਰਾਏਪੁਰ ਸਾਹਨੀ ਦੀ ਲਿੰਕ ਸਡ਼ਕ ’ਚ ਪਿਆ ਪਾਡ਼

Monday, Aug 13, 2018 - 11:41 PM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)-ਭਾਰੀ ਮੀਂਹ ਪੈਣ ਕਾਰਨ ਖੱਡ ’ਚ ਆਏ ਪਾਣੀ ਕਾਰਨ ਪਿੰਡ ਰਾਏਪੁਰ ਸਾਹਨੀ ਨੂੰ ਜਾਂਦੀ ਲਿੰਕ ਸਡ਼ਕ ’ਚ ਵੱਡਾ ਪਾਡ਼ ਪੈ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਸਾਹਨੀ ਨੂੰ ਜਾਂਦੀ ਲਿੰਕ ਸਡ਼ਕ ਦੇ ਵਿਚਕਾਰ ਖੱਡ ਪੈਂਦੀ ਹੈ ਜਿਸ ਵਿਚ ਹਿਮਾਚਲ ਪ੍ਰਦੇਸ਼ ਤੋਂ ਬਰਸਾਤੀ ਪਾਣੀ ਕਾਫੀ  ਮਾਤਰਾ ਵਿਚ ਆਉਂਦਾ ਹੈ। ਇਸ ਸਡ਼ਕ ਵਿਚਕਾਰ ਪੈਂਦੀ ਖੱਡ ਉਪਰ ਦੋ ਪੁਲੀਆਂ ਵੀ ਬਣਾਈਆਂ ਹੋਈਆਂ ਹਨ ਜਿਨ੍ਹਾਂ ਦੇ ਹੇਠੋਂ ਬਰਸਾਤੀ ਖੱਡ ਦਾ ਪਾਣੀ ਲੰਘਦਾ ਹੈ। ਬੀਤੀ ਰਾਤ ਭਾਰੀ ਮੀਂਹ ਪੈਣ ਕਾਰਨ ਖੱਡ ਵਿਚ ਹਿਮਾਚਲ ਪ੍ਰਦੇਸ਼ ਦੀ ਸਾਈਡ ਤੋਂ  ਪਾਣੀ ਆਇਆ ਜਿਸ ਕਾਰਨ ਪੁਲੀਆਂ ਦੇ ਨਾਲੋਂ ਸਡ਼ਕ ਵਿਚ 20 ਫੁੱਟ ਤੋਂ ਵੱਧ ਪਾਡ਼ ਪੈ ਗਿਆ। ਜਿਸ ਕਾਰਨ ਪਿੰਡ ਦੇ ਲੋਕਾਂ ਦਾ ਬਾਹਰਲੇ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਘਰਾਂ ’ਚ ਬੈਠਣ ਲਈ ਮਜਬੂਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਸਡ਼ਕ ’ਚ ਪਾਡ਼ ਪੈਣ ਦੀ ਖਬਰ ਮਿਲਣ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਜੇ.ਸੀ.ਬੀ.  ਅਤੇ ਟਰੈਕਟਰ-ਟਰਾਲੀਆਂ ਲਵਾ ਕੇ ਆਪਣੇ ਪੱਧਰ ’ਤੇ ਸਡ਼ਕ ਦੇ ਪਾਡ਼ ਨੂੰ ਮਿੱਟੀ ਨਾਲ ਭਰਨਾ ਸ਼ੁਰੂ ਕੀਤਾ ਅਤੇ ਆਉਣ ਜਾਣ ਦਾ ਰਸਤਾ ਬਣਾਇਆ। ਪਿੰਡ ਵਾਸੀਆਂ ਸਰਪੰਚ ਗੁਰਦੇਵ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਚਤਰ ਸਿੰਘ, ਦਲੇਰ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ, ਸੇਵਾ ਸਿੰਘ, ਕਰਤਾਰ ਸਿੰਘ ਆਦਿ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਪੁਰਜ਼ੋਰ  ਮੰਗ ਕੀਤੀ ਹੈ ਕਿ ਪਿੰਡ ਰਾਏਪੁਰ ਸਾਹਨੀ ਨੂੰ  ਆਉਂਦੀ ਲਿੰਕ ਸਡ਼ਕ ਅਤੇ ਦੋਵੇਂ ਪੁਲੀਆਂ ਦਾ ਨਵੇਂ ਸਿਰੇ ਤੋਂ  ਨਿਰਮਾਣ ਕਰਵਾਇਆ ਜਾਵੇ।


Related News