ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)

Thursday, Jul 21, 2022 - 02:44 PM (IST)

ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)

ਅੰਮ੍ਰਿਤਸਰ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਮਨਪ੍ਰੀਤ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਬੀਤੇ ਦਿਨੀਂ ਪੁਲਸ ਵਲੋਂ ਅੰਮ੍ਰਿਤਸਰ ਵਿਖੇ ਐਨਕਾਊਂਟਰ ਕਰ ਦਿੱਤਾ ਗਿਆ ਸੀ। ਮ੍ਰਿਤਕ ਗੈਂਗਸਟਰਾਂ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਅੱਜ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਹਨ। ਪੁਲਸ ਨੇ ਮੂਸੇਵਾਲਾ ਦੇ ਪਿਤਾ ਨੂੰ ਸ਼ਾਰਪ ਸ਼ੂਟਰਾਂ ਦੀ ਸ਼ਨਾਖ਼ਤ ਕਰਨ ਲਈ ਬੁਲਾਇਆ ਹੈ।

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

ਐਨਕਾਊਂਟਰ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਗੈਂਗਸਟਰਾਂ ਦਾ ਜੋ ਐਨਕਾਊਂਟਰ ਕੀਤਾ ਗਿਆ ਹੈ, ਉਹ ਉਸ ਦੀ ਸ਼ਲਾਘਾ ਕਰਦੇ ਹਨ। ਪੁਲਸ ਨੇ ਆਪਣਾ ਕੰਮ ਬਹੁਤ ਸਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਬਹੁਤ ਲੰਮੀ ਹੈ। 2 ਲੋਕਾਂ ਦੇ ਮਾਰੇ ਜਾਣ ਨਾਲ ਉਨ੍ਹਾਂ ਦਾ ਸਿੱਧੂ ਪੁੱਤਰ ਕਦੇ ਵਾਪਸ ਨਹੀਂ ਆਉਣਾ। ਪਿਤਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ, ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਪੁਲਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰਾਂ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦੀ ਪਛਾਣ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਸਾਥੀਆਂ ਵੱਲੋਂ ਅੰਮ੍ਰਿਤਸਰ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਵਿਖੇ ਆ ਕੇ ਕੀਤੀ ਗਈ।   

ਪੜ੍ਹੋ ਇਹ ਵੀ ਖ਼ਬਰ: ਜਾਣੋ ਕੌਣ ਹਨ ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ, ਕਿਸ ਨੇ ਮਾਰੀ ਸੀ ਮੂਸੇਵਾਲਾ ਨੂੰ ਪਹਿਲੀ ਗੋਲੀ 

ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਅੰਮ੍ਰਿਤਸਰ ਪੁਲਸ ਸੂਚਨਾ ਦੇ ਆਧਾਰ ’ਤੇ ਗੈਂਗਸਟਰਾਂ ਨੂੰ ਫੜਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਪਿੰਡ ਭਕਨਾ ਪਹੁੰਚੀ ਸੀ। ਪਿੰਡ ’ਚ ਪਹਿਲਾਂ ਤੋਂ ਹੀ ਹਥਿਆਰਾਂ ਨਾਲ ਲੈਸ ਦੋਵੇਂ ਗੈਂਗਸਟਰ ਨੇ ਪੁਲਸ ਦੇ ਆਉਂਦੇ ਸਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੌਰਾਨ ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਲਗਭਗ ਛੇ ਘੰਟੇ ਤੋਂ ਵੱਧ ਚੱਲੇ ਪੁਲਸ ਅਤੇ ਗੈਂਗਸਟਰਾਂ ਦੇ ਇਸ ਆਪਰੇਸ਼ਨ ਦੌਰਾਨ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਮਾਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਦੇ ਕਾਤਲ ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ADGP ਪ੍ਰਮੋਦ ਬਾਨ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


author

rajwinder kaur

Content Editor

Related News