ਕਾਂਗਰਸ ਦੇ ਸੀਨੀਅਰ ਆਗੂ ਨੂੰ ਗੈਂਗਸਟਰ ਨੇ ਫੋਨ ਕਰਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ
Tuesday, Apr 05, 2022 - 05:57 PM (IST)
ਮੋਗਾ (ਅਜ਼ਾਦ) : ਮੋਗਾ ਦੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਤਖਤੂਪੁਰਾ ਦੇ ਬੇਟੇ ਐਡਵੋਕੇਟ ਪਰਮਪਾਲ ਸਿੰਘ ਜੋ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਹਨ ਤੋਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਮੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਗਰੂਪ ਸਿੰਘ ਨਿਵਾਸੀ ਫਿਰੋਜ਼ਪੁਰ ਰੋਡ ਮੋਗਾ ਨੇ ਕਿਹਾ ਕਿ ਬੀਤੀ 19 ਅਤੇ 20 ਜਨਵਰੀ ਨੂੰ ਮੇਰੇ ਬੇਟੇ ਪਰਮਪਾਲ ਸਿੰਘ ਦੇ ਮੋਬਾਇਲ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ ਦਿੰਦਿਆਂ ਆਪਣੇ ਆਪ ਨੂੰ ਗੈਂਗਸਟਰ ਦੱਸਿਆ ਅਤੇ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਫਿਰੌਤੀ ਨਾ ਦੇਣ ’ਤੇ ਉਸ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ।
ਇਹ ਵੀ ਪੜ੍ਹੋ : ਫੇਸਬੁੱਕ ਰਾਹੀਂ ਹੋਇਆ ਇਕਤਰਫਾ ਪਿਆਰ, ਪ੍ਰਵਾਨ ਨਾ ਚੜ੍ਹਿਆ ਤਾਂ ਖੇਡੀ ਖੂਨੀ ਖੇਡ, ਉਹ ਕੀਤਾ ਜੋ ਸੋਚਿਆ ਨਾ ਸੀ
ਉਨ੍ਹਾਂ ਅੱਗੇ ਕਿਹਾ ਕਿ ਬੀਤੀ 19 ਫਰਵਰੀ ਨੂੰ ਕੁਝ ਅਣਪਛਾਤੇ ਵਿਅਕਤੀ ਸਵਿਫਟ ਕਾਰ ’ਤੇ ਸਾਡੇ ਪੈਲੇਸ ਸਕਾਈਰਿੰਗ ਵਿਚ ਆਏ, ਜਿਸ ਉਪਰ ਦਿੱਲੀ ਦੀ ਨੰਬਰ ਪਲੇਟ ਲੱਗੀ ਹੋਈ ਸੀ, ਜਿਨ੍ਹਾਂ ਸਾਡੇ ਬਾਰੇ ਪੁੱਛਗਿੱਛ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਇਸ ਲਈ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕਥਿਤ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਸਕਾਈਰਿੰਗ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ ਅਤੇ ਕਾਰ ਦੀ ਨੰਬਰ ਪਲੇਟ ਤੋਂ ਵੀ ਮਾਲਕ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜਲਦੀ ਹੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਡੇਰਾਬੱਸੀ ਦੇ ਸ਼ਮਸ਼ਾਨਘਾਟ ਦੀ ਹੈਰਾਨ ਕਰਨ ਵਾਲੀ ਘਟਨਾ, ਇਸ ਹਾਲਤ ’ਚ ਲਾਸ਼ਾਂ ਦੇਖ ਉੱਡੇ ਹੋਸ਼