ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰਾਂ ਨੇ ਪੁਲਸ ਦੀ ਵਧਾਈ ਚਿੰਤਾ, ਏਜੰਸੀਆਂ ਨਾਲ ਸੰਪਰਕ ਨੇ ਖੜ੍ਹੇ ਕੀਤੇ ਸਵਾਲ

Tuesday, Jan 31, 2023 - 06:10 PM (IST)

ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰਾਂ ਨੇ ਪੁਲਸ ਦੀ ਵਧਾਈ ਚਿੰਤਾ, ਏਜੰਸੀਆਂ ਨਾਲ ਸੰਪਰਕ ਨੇ ਖੜ੍ਹੇ ਕੀਤੇ ਸਵਾਲ

ਲੁਧਿਆਣਾ (ਜ.ਬ.) : ਸੂਬੇ ’ਚ ਸੰਗੀਨ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਾਨੂੰਨ ਤੋਂ ਬਚਣ ਲਈ ਅੰਡਰ ਗਰਾਊਂਡ ਚੱਲ ਰਹੇ ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰ ਕਿਨ੍ਹਾਂ ਏਜੰਸੀਆਂ ਦੇ ਲਗਾਤਾਰ ਸੰਪਰਕ ਵਿਚ ਹਨ। ਇਸ ਸਵਾਲ ਦਾ ਜਵਾਬ ਸੂਬਾ ਸਰਕਾਰ ਅਤੇ ਖਾਸ ਕਰਕੇ ਪੰਜਾਬ ਪੁਲਸ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ, ਜਿਸ ਦੀ ਭਾਲ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਬੇਹੱਦ ਅਹਿਮ ਹੈ। ਦੱਸ ਦੇਈਏ ਕਿ ਪੰਜਾਬ ਦੇ ਕਈ ਮੋਸਟ ਵਾਂਟਿਡ ਗੈਂਗਸਟਰ ਕਤਲ, ਕਤਲ ਦਾ ਯਤਨ, ਫਿਰੌਤੀ, ਅਗਵਾ ਸਮੇਤ ਹੋਰ ਗੰਭੀਰ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹੈ। ਇਨ੍ਹਾਂ ਅਪਰਾਧੀਆਂ ਦਾ ਆਜ਼ਾਦ ਹੋਣਾ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਨੇ ਦਿੱਲੀ ਸਪੈਸ਼ਲ ਸੈੱਲ ਸਮੇਤ ਸੂਬਿਆਂ ਦੀ ਪੁਲਸ ਦੀ ਮਦਦ ਨਾਲ ਦਰਜਨਾਂ ਛੋਟੇ-ਵੱਡੇ ਗੈਂਗਸਟਰਾਂ ਜਾਂ ਉਨ੍ਹਾਂ ਦੇ ਗੁਰਗਿਆਂ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਸੀ। ਬਾਵਜੂਦ ਇਸ ਦੇ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਵਿਦੇਸ਼ ਤੋਂ ਬੈਠ ਕੇ ਚਲਾਉਣ ਵਾਲਾ ਗੋਲਡੀ ਬਰਾੜ ਹੋਵੇ ਜਾਂ ਫਿਰ ਪਿਛਲੇ ਕੁਝ ਸਮੇਂ ਵਿਚ ਪੰਜਾਬ ਵਿਚ ਕਈ ਕਤਲਾਂ ਨੂੰ ਅੰਜਾਮ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਲੰਡਾ ਹਰੀਕੇ ਹੋਵੇ, ਇਹ ਅੱਜ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਕਰਵਟ ਲਵੇਗਾ ਮੌਸਮ, ਫਰਵਰੀ ਸ਼ੁਰੂ ਹੁੰਦਿਆਂ ਹੋਰ ਜ਼ੋਰ ਫੜੇਗੀ ਠੰਡ

ਇਸੇ ਤਰ੍ਹਾਂ ਪੰਜਾਬ ’ਚ ਨਸ਼ਾ ਸਮੱਗਲਿੰਗ ਸਮੇਤ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਅੱਤਵਾਦੀ ਰਿੰਦਾ ਸੰਧੂ ਵੀ ਪੰਜਾਬ ਪੁਲਸ ਲਈ ਸਿਰਦਰਦੀ ਬਣਿਆ ਹੋਇਆ ਹੈ, ਜਿਸ ਦੀ ਮੌਤ ਦੀ ਖ਼ਬਰ ’ਤੇ ਅਜੇ ਵੀ ਸ਼ੱਕ ਬਰਕਰਾਰ ਹੈ। ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਰਿੰਦਾ ਦੇ ਪਾਕਿਸਤਾਨ ਵਿਚ ਵੀ ਹੋਣ ਦੀ ਚਰਚਾ ਲਗਾਤਾਰ ਚੱਲ ਰਹੀ ਹੈ। ਇਸੇ ਤਰ੍ਹਾਂ ਬੰਬੀਹਾ ਗੈਂਗ ਨੂੰ ਚਲਾ ਰਹੇ ਲੱਕੀ ਪਟਿਆਲ ਸਮੇਤ ਹੋਰ ਗੈਂਗਸਟਰ ਵੀ ਖੁੱਲ੍ਹੇ ਘੁੰਮ ਰਹੇ ਹਨ। ਬੀਤੇ ਦਿਨੀਂ ਪੰਜਾਬ ਦੇ ਇਨ੍ਹਾਂ ਮੋਸਟ ਵਾਂਟਿਡ ਗੈਂਗਸਟਰਾਂ ਦੀ ਆਪਸ ’ਚ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਦੇ ਲੀਕ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਇਸ ਗੱਲ ਦਾ ਪਤਾ ਲਗਾਉਣਾ ਹੈ ਕਿ ਲੀਕ ਹੋਈ ਗੱਲਬਾਤ ’ਚ ਸਾਰੇ ਗੈਂਗਸਟਰ ਇਕ-ਦੂਜੇ ’ਤੇ ਏਜੰਸੀਆਂ ਦੇ ਸੰਪਰਕ ਵਿਚ ਹੋਣ ਦਾ ਦਾਅਵਾ ਕਰ ਰਹੇ ਹਨ। ਇੰਨਾ ਹੀ ਨਹੀਂ, ਉਹ ਇਕ-ਦੂਜੇ ’ਤੇ ਏਜੰਸੀਆਂ ਦੇ ਕਹਿਣ ’ਤੇ ਕੰਮ ਕਰਨ ਦਾ ਵੀ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

ਅਜਿਹੇ ’ਚ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਅਪਰਾਧੀਆਂ ਦੇ ਸੰਪਰਕ ਕਿਸ ਏਜੰਸੀ ਜਾਂ ਅਧਿਕਾਰੀਆਂ ਨਾਲ ਹਨ ਅਤੇ ਉਨ੍ਹਾਂ ਤੋਂ ਕਿਸ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ। ਖੁਦ ਰਿੰਦਾ ਕਈ ਵਾਰ ਸੋਸ਼ਲ ਮੀਡੀਆ ’ਤੇ ਚੈਨਲਾਂ ਨੂੰ ਦਿੱਤੀ ਇੰਟਰਵਿਊ ’ਚ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹੈ ਕਿ ਉਹ ਵੀ ਏਜੰਸੀਆਂ ਦੇ ਕਹਿਣ ’ਤੇ ਕੰਮ ਕਰ ਰਿਹਾ ਸੀ। ਅਜਿਹੇ ਵਿਚ ਉਸ ਨਾਲ ਸਬੰਧਾਂ ’ਤੇ ਪਾਕਿਸਤਾਨ ਦੀ ਆਈ. ਐੱਸ. ਆਈ. ’ਤੇ ਜਿੱਥੇ ਸ਼ੱਕ ਕੀਤਾ ਜਾ ਸਕਦਾ ਹੈ, ਜਦੋਂਕਿ ਦੂਜੇ ਗੈਂਗਸਟਰ ਜੋ ਪੰਜਾਬ ਵਿਚ ਹਨ ਆਖਿਰ ਕਿਸ ਏਜੰਸੀ ਦੇ ਸੰਪਰਕ ਵਿਚ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਪੰਜਾਬ ਪੁਲਸ ਲਈ ਲੱਭਣਾ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News