ਵਿੱਕੀ ਗੌਂਡਰ ਦੇ ''ਪੰਡੋਰੀ'' ''ਚ ਲੁਕੇ ਹੋਣ ਦੀ ਸੂਚਨਾ

Friday, Nov 24, 2017 - 07:08 AM (IST)

ਵਿੱਕੀ ਗੌਂਡਰ ਦੇ ''ਪੰਡੋਰੀ'' ''ਚ ਲੁਕੇ ਹੋਣ ਦੀ ਸੂਚਨਾ

ਅੰਮ੍ਰਿਤਸਰ  (ਸੰਜੀਵ) - ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਪੰਡੋਰੀ ਨਾਂ ਦੇ ਪਿੰਡ 'ਚ ਲੁਕੇ ਹੋਣ ਦੀ ਸੂਚਨਾ 'ਤੇ ਪੁਲਸ ਨੇ ਪੰਜਾਬ ਦੇ ਸਾਰੇ ਪੰਡੋਰੀ ਨਾਂ ਤੋਂ ਸ਼ੁਰੂ ਹੋਣ ਵਾਲੇ ਪਿੰਡਾਂ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਨਾਂ ਦੇ ਪਿੰਡ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਗੁਰਦਾਸਪੁਰ ਵਿਚ ਪੈਂਦੇ ਹਨ। ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਕਰੀਬ ਅੱਧਾ ਦਰਜਨ ਥਾਣਿਆਂ ਅਤੇ ਰਿਜ਼ਰਵ ਫੋਰਸ ਨੇ ਮਜੀਠਾ ਰੋਡ 'ਤੇ ਸਥਿਤ ਪੰਡੋਰੀ ਵੜੈਚ ਅਤੇ ਤਰਨਤਾਰਨ ਰੋਡ 'ਤੇ ਸਥਿਤ ਪੰਡੋਰੀ ਮਹਿਮਾ ਨੂੰ ਘੇਰਾ ਪਾ ਲਿਆ ਹੈ।
ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਗੈਂਗਸਟਰ ਵਿੱਕੀ ਗੌਂਡਰ ਪੰਡੋਰੀ ਵਿਚ ਲੁਕਿਆ ਹੈ। ਹੁਣ ਉਹ ਪੰਜਾਬ ਦੇ ਕਿਸ ਪੰਡੋਰੀ ਨਾਂ ਦੇ ਪਿੰਡ ਵਿਚ ਲੁਕਿਆ ਹੈ, ਇਹ ਹਰ ਪਿੰਡ ਦੀ ਤਲਾਸ਼ੀ ਲੈਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਪੁਲਸ ਵੱਲੋਂ ਲਗਾਤਾਰ ਅੰਮ੍ਰਿਤਸਰ ਦੇ ਪੰਡੋਰੀ ਵੜੈਚ ਅਤੇ ਪੰਡੋਰੀ ਮਹਿਮਾ ਵਿਚ ਸਰਚ ਜਾਰੀ ਹੈ ਪਰ ਕਿਸੇ ਵੀ ਗੈਂਗਸਟਰ ਦੇ ਕਾਬੂ ਕੀਤੇ ਜਾਣ ਦੀ ਸੂਚਨਾ ਨਹੀਂ ਹੈ। ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਬਾਹਰੋਂ ਆਈ ਕਾਰ 'ਚ ਸਵਾਰ ਗੌਂਡਰ ਤੇ ਉਸ ਦੇ ਸਾਥੀ ਪਿੰਡ ਵਿਚ ਦਾਖਲ ਹੋਏ। ਇਸ 'ਤੇ ਪੁਲਸ ਲਗਾਤਾਰ ਬਾਹਰੀ ਕਾਰ ਦੀ ਵੀ ਤਲਾਸ਼ ਕਰ ਰਹੀ ਹੈ। ਇਸ ਘੇਰਾਬੰਦੀ ਵਿਚ ਕੀ ਗੌਂਡਰ ਜਾਂ ਕੋਈ ਹੋਰ ਗੈਂਗਸਟਰ ਪੁਲਸ ਦੇ ਹੱਥੇ ਚੜ੍ਹਦਾ ਹੈ, ਇਹ ਚੱਲ ਰਹੇ ਆਪ੍ਰੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਪੰਡੋਰੀ ਵੜੈਚ ਤੋਂ ਨਿਕਲਦੇ ਹਨ ਕਈ ਰਸਤੇ
ਪਿੰਡ ਪੰਡੋਰੀ ਵੜੈਚ ਤੋਂ ਭੱਜਣ ਦੇ ਬਹੁਤ ਸਾਰੇ ਰਸਤੇ ਨਿਕਲਦੇ ਹਨ। ਇਨ੍ਹਾਂ 'ਚੋਂ ਮਜੀਠਾ ਰੋਡ ਬਾਈਪਾਸ, ਵੇਰਕਾ ਬਾਈਪਾਸ, ਮਜੀਠਾ ਰੋਡ 'ਤੇ ਪਿੰਡ ਮੂਧਲ ਅਤੇ ਪਿੰਡ ਬੱਲ ਕਲਾਂ ਵੱਲ ਨੂੰ ਜਾਂਦਾ ਹੈ। ਪੁਲਸ ਨੇ ਇਨ੍ਹਾਂ ਸਾਰੇ ਰਸਤਿਆਂ 'ਤੇ ਪਹਿਰਾ ਲਾ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਪੰਡੋਰੀ ਵੜੈਚ ਵਿਚ ਅਕਸਰ ਗੈਂਗਸਟਰਾਂ ਦਾ ਆਉਣਾ-ਜਾਣਾ ਰਹਿੰਦਾ ਹੈ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਿਹਾਤੀ ਦਾ?
ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਪਿੰਡ ਪੰਡੋਰੀ ਵੜੈਚ 'ਚ ਕਿਸੇ ਗੈਂਗਸਟਰ ਦੇ ਦਾਖਲ ਹੋਣ ਸਬੰਧੀ ਮਿਲੀ ਸੂਚਨਾ ਦੀ ਤਸਦੀਕ ਕੀਤੀ। ਇਸੇ ਆਧਾਰ 'ਤੇ ਪਿੰਡ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਫਗਵਾੜਾ 'ਚ ਸਾਥੀਆਂ ਨਾਲ ਕੀਤੀ ਗੁਪਤ ਬੈਠਕ!
ਫਗਵਾੜਾ, (ਜਲੋਟਾ)-ਵਿੱਕੀ ਗੌਂਡਰ ਦੀ ਫਗਵਾੜਾ ਨੇੜੇ ਲੋਕੇਸ਼ਨ ਟਰੇਸ ਹੋਣ ਦੀ ਵੀ ਸੂਚਨਾ ਹੈ। ਜਦਕਿ ਪੁਲਸ ਇਸਨੂੰ ਆਧਾਰਹੀਣ ਦੱਸ ਰਹੀ ਹੈ।  ਦੂਜੇ ਪਾਸੇ ਆਫ ਦੀ ਰਿਕਾਰਡ ਇਕ ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਪੁਲਸ ਕੋਲ ਇਸ ਤਰਾਂ ਦੀ ਇਨਪੁਟ ਆਈ ਹੈ ਕਿ ਗੌਂਡਰ ਵੀਰਵਾਰ ਫਗਵਾੜਾ 'ਚ ਮੌਜੂਦ ਆਪਣੇ ਪੁਰਾਣੇ ਸਾਥੀਆਂ ਤੇ ਸਮਰਥਕਾਂ ਨੂੰ ਮਿਲਣ ਆਇਆ ਅਤੇ ਗੁਪਤ ਸਥਾਨ 'ਤੇ ਬੈਠਕ ਵੀ ਕੀਤੀ।
ਤਰਨਤਾਰਨ 'ਚ ਥਾਂ-ਥਾਂ ਲੱਭਦੀ ਰਹੀ ਪੁਲਸ
ਤਰਨਤਾਰਨ, (ਰਮਨ, ਰਾਜੂ)-ਪੁਲਸ ਨੂੰ ਸੂਚਨਾ ਮਿਲੀ ਕਿ ਵਿੱਕੀ ਗੌਂਡਰ ਤਰਨਤਾਰਨ ਜ਼ਿਲੇ ਦੇ ਪਿੰਡ ਪੰਡੋਰੀ 'ਚ ਸਵਿਫ਼ਟ ਕਾਰ (ਨੀਲੇ ਰੰਗ ਵਾਲੀ) 'ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਐੱਸ. ਪੀ. (ਇਨਵੈਸਟੀਗੇਸ਼ਨ) ਤਿਲਕ ਰਾਜ ਦੀ ਅਗਵਾਈ ਹੇਠ ਡੀ. ਐੱਸ. ਪੀ. ਅਸ਼ਵਨੀ ਅੱਤਰੀ, ਸਤਪਾਲ ਸਿੰਘ, ਪਿਆਰਾ ਸਿੰਘ, ਸੋਹਣ ਸਿੰਘ, ਐੱਸ. ਐੱਸ. ਮਾਨ, ਪ੍ਰਹਿਲਾਦ ਸਿੰਘ ਤੋਂ ਇਲਾਵਾ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਅਤੇ ਅੱਧੀ ਦਰਜਨ ਥਾਣਿਆਂ ਦੇ ਐੱਸ. ਐੱਚ. ਓਜ਼. ਨੇ ਪੁਲਸ ਫੋਰਸ ਸਮੇਤ ਪਿੰਡ ਪੰਡੋਰੀ ਹੱਸਣ, ਰਮਾਣਾ, ਰਣ ਸਿੰਘ, ਸਿੱਧਵਾਂ, ਤਖ਼ਤ ਮੱਲ 'ਚ ਘੇਰਾਬੰਦੀ ਕੀਤੀ ਅਤੇ ਥਾਂ-ਥਾਂ 'ਤੇ ਛਾਪੇਮਾਰੀ ਕੀਤੀ। ਦੇਰ ਰਾਤ ਤੱਕ ਪੁਲਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਿਆ। ਬਾਅਦ ਵਿਚ ਪੁਲਸ ਨੂੰ ਸੂਚਨਾ ਮਿਲੀ ਕਿ ਗੌਂਡਰ ਦੀ ਲੋਕੇਸ਼ਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪੰਡੋਰੀ ਗੋਲਾ 'ਚ ਹੈ। ਪੁਲਸ ਅਧਿਕਾਰੀਆਂ ਨੇ ਪੂਰੇ ਪਿੰਡ ਨੂੰ ਘੇਰ ਕੇ ਦੇਰ ਰਾਤ ਤੱਕ ਜਾਂਚ ਕੀਤੀ ਪਰ ਕੁਝ ਵੀ ਹੱਥ ਨਹੀਂ ਲੱਗ ਸਕਿਆ।
ਗੁਰਦਾਸਪੁਰ 'ਚ ਹਾਈ ਅਲਰਟ
ਗੁਰਦਾਸਪੁਰ,  (ਵਿਨੋਦ)-ਜ਼ਿਲਾ ਗੁਰਦਾਸਪੁਰ ਦੇ ਇਲਾਕਾ ਪੰਡੋਰੀ ਮਹੰਤ ਦੇ ਨਜ਼ਦੀਕ ਵਿੱਕੀ ਗੌਂਡਰ ਦੀ ਲੋਕੇਸ਼ਨ ਪਈ ਗਈ, ਜਿਸ ਕਾਰਨ  ਗੁਰਦਾਸਪੁਰ ਸਮੇਤ ਤਿੱਬੜੀ ਛਾਉਣੀ ਏਰੀਏ 'ਚ ਤੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਮੁਹਿੰਮ ਚਲਾਈ ਗਈ।
ਇਸ ਤਰ੍ਹਾਂ ਮੁਕੇਰੀਆਂ ਰੋਡ ਤੇ ਬਾਈਪਾਸ ਦੇ ਨਜ਼ਦੀਕ ਪੁਲਸ ਵੱਲੋਂ ਨਾਕੇ ਲਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ।


Related News