ਗੈਂਗਸਟਰਾਂ ਵੱਲੋਂ ਮੋਹਾਲੀ ਦੇ ਟ੍ਰੈਵਲ ਏਜੰਟ ਨੂੰ ਮਾਰਨ ਦੀ ਯੋਜਨਾ ਨਾਕਾਮ, ਗੈਂਗਸਟਰ ਜੰਟਾ ਦੇ ਤਿੰਨ ਸਾਥੀ ਗ੍ਰਿਫ਼ਤਾਰ
Saturday, Feb 19, 2022 - 11:54 PM (IST)
 
            
            ਖਰੜ (ਅਮਰਦੀਪ) : ਸੀ. ਆਈ. ਏ. ਪੁਲਸ ਸਟਾਫ ਅਤੇ ਸਿਟੀ ਪੁਲਸ ਖਰੜ ਨੇ ਮੋਹਾਲੀ ਦੇ ਇਮੀਗ੍ਰੇਸ਼ਨ ਕੰਪਨੀ ਦੇ ਸਲਾਹਕਾਰ, ਟ੍ਰੈਵਲ ਏਜੰਟ ਨੂੰ ਮਾਰਨ ਦੀ ਯੋਜਨਾ ਨਾਕਾਮਯਾਬ ਕਰ ਕੇ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਖਰੜ ਦੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਜੇ ਕੁਮਾਰ ਸ਼ਰਮਾ, ਸੀ. ਆਈ. ਏ. ਸਟਾਫ ਦੇ ਇੰਚਾਰਜ ਦੀ ਟੀਮ ਨੇ ਤਿੰਨ ਗੈਂਗਸਟਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਖਰੜ ਵਿਖੇ ਧਾਰਾ-392, 382, 384, 473, 120ਬੀ ਆਈ. ਪੀ. ਸੀ. ਅਤੇ 25 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ, ਐੱਚ. ਡੀ. ਐੱਫ. ਸੀ. ਬੈਂਕ ’ਚ 30 ਤੋਂ 50 ਲੱਖ ਦੀ ਲੁੱਟ
ਜਾਣਕਾਰੀ ਅਨੁਸਾਰ ਸੁਨੀਲ ਕੁਮਾਰ, ਕਿਰਨ ਸਿੰਘ ਅਤੇ ਜੈਮਸ ਤਿੰਨੋਂ ਵਿਅਕਤੀ ਹਥਿਆਰ ਲੈ ਕੇ ਮੋਹਾਲੀ ਆਏ ਸਨ ਅਤੇ ਆਪਣੇ ਨਿਸ਼ਾਨੇ ਦੀ ਉਡੀਕ ਕਰ ਰਹੇ ਸਨ। ਪੁਲਸ ਨੂੰ ਇਸ ਸਬੰਧੀ ਜਦੋਂ ਪਤਾ ਲੱਗਾ ਤਾਂ ਮੁਲਜ਼ਮ ਸੁਨੀਲ ਕੁਮਾਰ ਪੁੱਤਰ ਤਰਲੋਕ ਚੰਦ ਵਾਸੀ ਪਿੰਡ ਕਾਲਾ ਟਿੱਬਾ ਜ਼ਿਲਾ ਫਾਜ਼ਿਲਕਾ, ਜੈਮਸ ਅਤੇ ਕਿਰਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਸਨਪੁਰ, ਤਹਿਸੀਲ ਖਰੜ ਜ਼ਿਲਾ ਮੋਹਾਲੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਤਿੰਨ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਇਕ ਜਾਅਲੀ ਰਜਿਸਟ੍ਰੇਸ਼ਨ ਨੰਬਰ ਵਾਲਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ।
ਇਹ ਵੀ ਪੜ੍ਹੋ : ਡੀ. ਐੱਸ. ਪੀ. ਦਿਲਸ਼ੇਰ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਆਸਟ੍ਰੇਲੀਆ ਵਿਚ ਰਹਿੰਦੇ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ, ਜੋ ਕਿ ਹੁਣ ਮ੍ਰਿਤਕ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸੀ ਦਾ ਦੋਸਤ ਸੀ। ਮੁਲਜ਼ਮ ਸੁਨੀਲ ਕੁਮਾਰ ਕੈਨੇਡਾ ਸਥਿਤ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਦਾ ਸਾਥੀ ਹੈ, ਜਿਸ ਨੂੰ ਪਹਿਲਾਂ 20 ਨਵੰਬਰ ਨੂੰ ਮਨੋਹਰ ਲਾਲ ਅਰੋੜਾ ਵਾਸੀ ਭਗਤਾ ਭਾਈ ਕੇ ਜ਼ਿਲਾ ਬਠਿੰਡਾ ਸਮੇਤ ਫਿਰੌਤੀ ਅਤੇ ਕਤਲ ਦੇ ਕੇਸਾਂ ਵਿਚ ਨਾਮਜ਼ਦ ਕੀਤਾ ਗਿਆ ਸੀ। ਗੁਰਜੰਟ ਸਿੰਘ ਨੇ ਪਿਛਲੀ ਦੁਸ਼ਮਣੀ ਕਾਰਨ ਮੋਹਾਲੀ ਸਥਿਤ ਇੰਮੀਗਰਾਂਟ ਸਲਾਹਕਾਰ, ਟ੍ਰੈਵਲ ਏਜੰਟ ਨੂੰ ਖਤਮ ਕਰਨ ਦਾ ਇਰਾਦਾ ਬਣਾਇਆ ਅਤੇ ਉਸ ਨੇ ਅਰਸ਼ਦੀਪ ਡੱਲਾ ਨਾਲ ਤਾਲਮੇਲ ਕਰ ਕੇ ਸੁਨੀਲ ਕੁਮਾਰ ਨਾਂ ਦੇ ਨਿਸ਼ਾਨੇਬਾਜ਼ ਨੂੰ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ। ਉਕਤ ਵਾਰਦਾਤ ਵਿਚ ਸ਼ਾਮਲ ਚਾਰ ਹੋਰ ਮੁਲਜ਼ਮ ਅਰਸ਼ਦੀਪ ਸਿੰਘ ਡੱਲਾ, ਗੁਰਜੰਟ ਸਿੰਘ ਉਰਫ ਜੰਟਾ, ਰਮੇਸ਼ਦੀਪ ਸਿੰਘ ਉਰਫ ਜਿੰਮੀ ਚੱਠਾ ਵਾਸੀ ਸਿਰਸਾ, ਹਰਿਆਣਾ, ਰਣਧੀਰ ਧੀਰਾ ਵਾਸੀ ਝੰਜੇੜੀ ਜ਼ਿਲਾ ਮੋਹਾਲੀ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਤਫਤੀਸ਼ੀ ਅਫਸਰ ਥਾਣਾ ਸੰਨੀ ਐਨਕਲੇਵ ਪੁਲਸ ਚੌਕੀ ਸੈਕਟਰ-125 ਖਰੜ ਦੇ ਇੰਚਾਰਜ ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 21 ਫਰਵਰੀ ਤਕ ਪੁਲਸ ਰਿਮਾਂਡ ’ਤੇ ਭੇਜਣ ਦੇ ਮਾਣਯੋਗ ਜੱਜ ਨੇ ਹੁਕਮ ਸੁਣਾਏ ਹਨ।
ਇਹ ਵੀ ਪੜ੍ਹੋ : ਕੁੱਝ ਮਹੀਨੇ ਪਹਿਲਾਂ ਕਰਵਾਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਜਵਾਈ ਨੇ ਸਹੁਰੇ ਘਰ ਜਾ ਕੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            