ਪੰਜਾਬ ਪੁਲਸ ਦੀ ਹਿਰਾਸਤ ''ਚ ''ਗੈਂਗਸਟਰ ਸੁਖਪ੍ਰੀਤ ਬੁੱਢਾ'', ਲਿਆਂਦਾ ਜਾ ਰਿਹੈ ਮੋਹਾਲੀ

Saturday, Nov 23, 2019 - 09:35 AM (IST)

ਪੰਜਾਬ ਪੁਲਸ ਦੀ ਹਿਰਾਸਤ ''ਚ ''ਗੈਂਗਸਟਰ ਸੁਖਪ੍ਰੀਤ ਬੁੱਢਾ'', ਲਿਆਂਦਾ ਜਾ ਰਿਹੈ ਮੋਹਾਲੀ

ਨਵੀਂ ਦਿੱਲੀ : ਕਈ ਅਪਰਾਧਕ ਮਾਮਲਿਆਂ 'ਚ ਅਤਿ ਲੋੜੀਂਦੇ ਅਤੇ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੰਜਾਬ ਪੁਲਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਪੰਜਾਬ ਪੁਲਸ ਦੀ ਟੀਮ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਭਾਰਤ ਲਿਆਉਣ ਲਈ ਅਰਮੀਨੀਆ ਰਵਾਨਾ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਏਅਰਪੋਰਟ ਲਿਆਂਦਾ ਗਿਆ ਅਤੇ ਫਿਰ ਪੰਜਾਬ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਪੰਜਾਬ ਪੁਲਸ ਵਲੋਂ ਸੁਖਪ੍ਰੀਤ ਬੁੱਢਾ ਨੂੰ ਮੋਹਾਲੀ ਲਿਆਂਦਾ ਜਾ ਰਿਹਾ ਹੈ।

ਦੱਸ ਦੇਈਏ ਕਿ ਬੁੱਢਾ ਖਿਲਾਫ ਪੰਜਾਬ ਤੇ ਹਰਿਆਣਾ 'ਚ ਕਤਲ, ਕਤਲ ਦੀ ਕੋਸ਼ਿਸ਼, ਗੈਰ ਕਾਨੂੰਨੀ ਸਰਗਰਮੀਆਂ ਸਬੰਧੀ 15 ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ 'ਚ ਉਸ ਦੇ ਖਾਲਿਸਤਾਨੀ ਅਨਸਰਾਂ ਦੇ ਨਾਲ ਵੀ ਸੰਪਰਕ ਸਥਾਪਿਤ ਹੋਏ ਸਨ। ਸਾਲ 2011 'ਚ ਹੋਏ ਕਤਲ ਦੇ ਮਾਮਲੇ 'ਚ ਬੁੱਢਾ ਨੂੰ ਸਜ਼ਾ ਹੋਈ ਸੀ ਪਰ 2016 'ਚ ਉਸ ਨੂੰ ਪੈਰੋਲ ਮਿਲ ਗਈ। ਬਾਅਦ 'ਚ ਪੰਜਾਬ ਪੁਲਸ ਨੇ ਉਸ ਨੂੰ ਲੋੜੀਂਦਾ ਅਪਰਾਧੀ ਐਲਾਨ ਕਰ ਦਿੱਤਾ ਸੀ। ਬੁੱਢਾ ਨੂੰ ਲੈ ਕੇ ਹਰਿਆਣਾ ਪੁਲਸ ਵੀ ਉਸ ਦੀ ਭਾਲ ਕਰ ਰਹੀ ਸੀ। ਸੁਖਪ੍ਰੀਤ ਬੁੱਢਾ ਪੁੱਤਰ ਮੇਜਰ ਸਿੰਘ ਵਾਸੀ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ ਤੇ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਕਾਰਨ ਦੇਸ਼ ਛੱਡ ਕੇ ਭੱਜ ਗਿਆ ਸੀ, ਜਿਸ ਨੂੰ ਹੁਣ ਹਿਰਾਸਤ 'ਚ ਲੈ ਲਿਆ ਗਿਆ ਹੈ।


author

Babita

Content Editor

Related News