ਲੁਟੇਰੇ, ਗੈਂਗਸਟਰ, ਨਸ਼ਾ ਸਮੱਗਲਰਾਂ ਨੂੰ ਫੜਨ ਲਈ ਪੰਜਾਬ ਪੁਲਸ ਨੇ ਸ਼ੁਰੂ ਕੀਤੀ ਨਵੀਂ ਮੁਹਿੰਮ

08/12/2017 9:29:19 PM

ਫਿਲੌਰ (ਭਾਖੜੀ)-ਪੰਜਾਬ 'ਚ ਹੁਣ ਡਕੈਤਾਂ, ਗੈਂਗਸਟਰਾਂ, ਨਸ਼ਾ ਸਮੱਗਲਰਾਂ ਦੀ ਖੈਰ ਨਹੀਂ, ਇਨ੍ਹਾਂ ਨੂੰ ਫੜਨ ਲਈ ਪ੍ਰਦੇਸ਼ 'ਚ ਪੁਲਸ ਅੱਜ ਤੋਂ ਸ਼ੁਰੂ ਕਰੇਗੀ ਨਵੀਂ ਤਰ੍ਹਾਂ ਦੀ ਆਦਰਸ਼ ਨਾਕਾਬੰਦੀ। ਡੀ. ਜੀ. ਪੀ. ਦੇ ਨਿਰਦੇਸ਼ਾਂ 'ਤੇ ਫਿਲੌਰ ਵਿਚ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਨੇ 6 ਜ਼ਿਲਿਆਂ ਦੇ ਡੀ. ਐੱਸ. ਪੀ., ਥਾਣਾ ਮੁਖੀਆਂ ਨੂੰ ਡੈਮੋ ਦੇ ਕੇ ਨਾਕਾਬੰਦੀ ਦੀ ਦਿੱਤੀ ਸਿਖਲਾਈ।
ਨੈਸ਼ਨਲ ਹਾਈਵੇ ਫਿਲੌਰ 'ਤੇ ਆਦਰਸ਼ ਨਾਕਾਬੰਦੀ ਦੀ ਸਿਖਲਾਈ ਦੇ ਰਹੇ ਪੰਜਾਬ ਪੁਲਸ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਏ. ਡੀ. ਜੀ. ਪੀ. ਕੁਲਦੀਪ ਸਿੰਘ, ਡੀ. ਆਈ. ਜੀ. ਯੁਰਿੰਦਰ ਹੇਅਰ, ਡਿਪਟੀ ਡਾਇਰੈਕਟਰ ਰਵਚਰਨ ਬਰਾੜ ਨੇ ਦੱਸਿਆ ਕਿ ਪ੍ਰਦੇਸ਼ 'ਚ ਬੈਂਕ ਡਕੈਤਾਂ, ਲੁੱਟ-ਖੋਹ ਕਰ ਕੇ ਭੱਜਣ ਵਾਲੇ ਲੁਟੇਰਿਆਂ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਪੁਲਸ ਵੱਲੋਂ ਅੱਜ ਤੋਂ ਨਵੇਂ ਤਰ੍ਹਾਂ ਦੀ ਨਾਕਾਬੰਦੀ ਕੀਤੀ ਜਾਵੇਗੀ, ਜਿਸ ਦਾ ਨਾਂ ਰੱਖਿਆ ਗਿਆ ਹੈ 'ਆਦਰਸ਼ ਨਾਕਾਬੰਦੀ' ਜੋ ਕਿ ਪੂਰੇ ਪੰਜਾਬ ਦੇ ਥਾਣਾ ਮੁਖੀ ਆਪਣੀ ਹੱਦਬੰਦੀ 'ਚ ਲਾਇਆ ਕਰਨਗੇ। 
ਇਸ ਵਿਸ਼ੇਸ਼ ਨਾਕਾਬੰਦੀ 'ਚ ਹਥਿਆਰਾਂ ਨਾਲ ਲੈਸ ਇਕ ਨਾਕੇ 'ਤੇ 8 ਪੁਲਸ ਮੁਲਾਜ਼ਮਾਂ ਦੀ ਟੀਮ ਤਾਇਨਾਤ ਹੋਇਆ ਕਰੇਗੀ। ਪਹਿਲਾਂ ਮੁਲਾਜ਼ਮ ਰੁਕਣ ਵਾਲੀ ਗੱਡੀ ਨੂੰ ਇਸ਼ਾਰਾ ਕਰਿਆ ਕਰੇਗਾ। ਜਦੋਂਕਿ ਗਾਰਦ ਦਾ ਦੂਜਾ ਮੁਲਾਜ਼ਮ ਉਸ ਗੱਡੀ ਨੂੰ ਖਾਲੀ ਜਗ੍ਹਾ ਰੁਕਵਾਏਗਾ, ਜਿਸ ਤੋਂ ਮਗਰੋਂ ਤੀਜਾ ਪੁਲਸ ਮੁਲਾਜ਼ਮ ਗੱਡੀ ਦੀ ਤਲਾਸ਼ੀ ਲਵੇਗਾ ਜਦੋਂਕਿ ਪੰਜ ਪੁਲਸ ਮੁਲਾਜ਼ਮ ਹਥਿਆਰਾਂ ਨਾਲ ਲੈਸ ਸਾਥੀ ਕਰਮਚਾਰੀਆਂ ਦੀ ਸੁਰੱਖਿਆ 'ਚ ਡਟੇ ਰਹਿਣਗੇ, ਜਿਸ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ ਅਤੇ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਸੁਰੱਖਿਆ ਵੀ ਯਕੀਨੀ ਰਹੇਗੀ। ਇਸ ਤੋਂ ਇਲਾਵਾ ਇਸ ਆਦਰਸ਼ ਨਾਕਾਬੰਦੀ 'ਤੇ ਪੁਲਸ ਦੀ ਇਕ ਗੱਡੀ ਬਿਲਕੁਲ ਤਿਆਰ ਖੜ੍ਹੀ ਰਹੇਗੀ। ਜੇਕਰ ਕੋਈ ਗੱਡੀ ਨੂੰ ਨਾਕੇ ਤੋਂ ਭਜਾਉਣ ਦੀ ਕੋਸ਼ਿਸ਼ ਕਰੇਗਾ ਤਾਂ ਪੁਲਸ ਪਾਰਟੀ ਕੁਝ ਸਮੇਂ 'ਚ ਹੀ ਉਸ ਨੂੰ ਧਰ ਦਬੋਚੇਗੀ। ਇਸ ਵਿਸ਼ੇਸ਼ ਨਾਕਾਬੰਦੀ ਦੀ ਸਿਖਲਾਈ ਦੇਣ ਲਈ ਪੁਲਸ ਅਧਿਕਾਰੀਆਂ ਨੇ ਅੱਜ ਜਲੰਧਰ ਜ਼ੋਨ 'ਚ ਪੈਂਦੇ 6 ਜ਼ਿਲਿਆਂ ਦੇ ਡੀ. ਐੱਸ. ਪੀ. ਅਤੇ ਥਾਣਾ ਮੁਖੀਆਂ ਨੂੰ ਫਿਲੌਰ ਦੇ ਨੈਸ਼ਨਲ ਹਾਈਵੇ ਅਤੇ ਕਿਲਾ ਰੋਡ 'ਤੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਬਕਾਇਦਾ ਡੈਮੋ ਦੇ ਕੇ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਇਥੇ ਪ੍ਰਦੇਸ਼ ਦੀ ਜਨਤਾ ਪੂਰੀ ਤਰ੍ਹਾਂ ਮਹਿਫੂਜ਼ ਹੋਵੇਗੀ। ਨਾਲ ਹੀ ਸਫਰ 'ਤੇ ਨਿਕਲੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਵਧੇਗੀ।


Related News