ਪੰਜਾਬ ਲਈ ਖ਼ਤਰੇ ਦੀ ਘੰਟੀ, ਸੂਬੇ ਦਾ ਮਾਹੌਲ ਖਰਾਬ ਕਰ ਸਕਦੇ ਹਨ ਗੈਂਗਸਟਰ!
Saturday, Mar 26, 2022 - 01:05 PM (IST)
ਪਟਿਆਲਾ/ਰੱਖੜਾ (ਜ. ਬ.) : ਪੰਜਾਬ ਅੰਦਰ ਮੁੜ ਤੋਂ ਗੈਂਗਸਟਰਾਂ ਦੇ ਕਾਰਨਾਮਿਆਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਨਿੱਤ ਦਿਨ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਪਿੱਛੇ ਗੈਂਗਸਟਰਾਂ ਦਾ ਹੱਥ ਹੋਣ ਨਾਲ ਪੰਜਾਬ ਦੇ ਅਧਿਕਾਰੀ, ਰਾਜਨੇਤਾ, ਸਮਾਜ-ਸੇਵਕਾਂ ਦੇ ਨਾਲ-ਨਾਲ ਹੁਣ ਖਿਡਾਰੀਆਂ ਤੋਂ ਲੈ ਕੇ ਕਲਾਕਾਰਾਂ ਤੱਕ ਵੀ ਗੈਂਗਸਟਰਾਂ ਦਾ ਖ਼ੌਫ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨੀਂ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਕਤਲ ਦੀ ਵਾਰਦਾਤ ਨੇ ਸਮੁੱਚੇ ਖੇਡ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਥੇ ਹੀ ਹੁਣ ਕਲਾਕਾਰ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਸੁਰਖੀਆਂ ’ਚ ਛਾਇਆ ਹੋਇਆ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੁੜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵੱਡੀਆ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਨਾਲ ਸਮੁੱਚੇ ਪੰਜਾਬ ਵਾਸੀ ਖੌਫ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਜਾਪ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਤਾਂ ਪਹਿਲਾਂ ਹੀ ਅੱਤਵਾਦ ਦਾ ਸੰਤਾਪ ਹੰਢਾ ਚੁੱਕਾ ਹੈ। ਹਾਲੇ ਤੱਕ ਮੁੜ ਕੇ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਿਆ। ਦੂਜੇ ਪਾਸੇ ਮੁੜ ਤੋਂ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੰਜਾਬ ਲਈ ਸ਼ੁੱਭ ਸੰਕੇਤ ਨਹੀਂ ਹੈ।
ਇਹ ਵੀ ਪੜ੍ਹੋ : ਦੋ ਮਹੀਨੇ ਪਹਿਲਾਂ ਗ੍ਰੀਸ ਗਏ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
ਸੂਬੇ ਅੰਦਰ ਕਦੇ ਕਿਸੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਲੈ ਲੈਂਦਾ ਹੈ। ਕਿਸੇ ਹੋਰ ਕਤਲ ਦੀ ਬੰਬੀਹਾ ਗਰੁੱਪ ਤੋਂ ਇਲਾਵਾ ਹੋਰ ਕਈ ਗਰੁੱਪ ਸ਼ਰੇਆਮ ਕਤਲ ਕਰ ਕੇ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਪਿੱਛੇ ਕੌਮਾਂਤਰੀ ਪੱਧਰ ਦੇ ਤਾਰ ਵੀ ਜੁੜਦੇ ਦਿਖਾਈ ਦੇ ਰਹੇ ਹਨ। ਗੈਂਗਸਟਰਾਂ ਦੀ ਆਪਣੀ ਲੜਾਈ ਦੇ ਚੱਲਦਿਆਂ ਆਮ ਲੋਕਾਂ ’ਚ ਖੌਫ ਪੈਦਾ ਕਰਨਾ ਵੀ ਇਕ ਵੱਖਰੀ ਤਰ੍ਹਾਂ ਦਾ ਅੱਤਵਾਦ ਫੈਲਾਉਣਾ ਹੀ ਹੈ। ਭਾਵੇਂ ਕਿ ਜੇਲਾਂ ’ਚ ਬੰਦ ਗੈਂਗਸਟਰ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਵਿਉਂਤਬੰਦੀ ਘੜਦੇ ਰਹਿੰਦੇ ਹਨ। ਪਿਛਲੀ ਸਰਕਾਰ ਸਮੇਂ ਅਨੇਕਾਂ ਹੀ ਗਰੁੱਪਾਂ ਨੂੰ ਖਤਮ ਕਰਨ ਜਾਂ ਜੇਲਾਂ ’ਚ ਭੇਜਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅੱਜ ਦੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਘਰ ਆਏ ਪਤੀ ਦੇ ਦੋਸਤਾਂ ਨੇ ਅੱਧੀ ਰਾਤ ਨੂੰ ਕੀਤਾ ਘਿਨੌਣਾ ਕਾਰਾ, ਵਾਰੋ-ਵਾਰ ਲੁੱਟੀ ਵਿਆਹੁਤਾ ਦੀ ਪੱਤ
ਇਨ੍ਹਾਂ ਘਟਨਾਵਾਂ ਕਾਰਨ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਨ ਕਾਰਨ ਅਫਸਰਸ਼ਾਹੀ ਅਤੇ ਲੀਡਰਸ਼ਿਪ ਵੀ ਸਵਾਲਾਂ ਦੇ ਘੇਰੇ ’ਚ ਘਿਰਦੀ ਦਿਖਾਈ ਦਿੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਗੈਂਗਾਂ ਦੀ ਆਪਸੀ ਲੜਾਈ ਅਤੇ ਜਨਤਾ ’ਚ ਪੈਦਾ ਹੋ ਰਹੇ ਖੌਫ ਅਤੇ ਵੱਧ ਰਹੇ ਗੁੱਸੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਪਹਿਲਾਂ ਹੀ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਹਿਣ ਕਰਦਾ ਹੈ ਪਰ ਹੁਣ ਗੈਂਗਵਾਰ ਦਾ ਵਧਣਾ ਪੰਜਾਬ ਦੀ ਨੌਜਵਾਨੀ ਲਈ ਘਾਤਕ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਵਲੋਂ ਲਿਵ-ਇਨ ’ਚ ਰਹਿਣ ਵਾਲੀ ਜਨਾਨੀ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?