ਪੁਲਸ ਦੇ ਘੇਰੇ ''ਚ ਆਇਆ ਮਸ਼ਹੂਰ ਬਦਮਾਸ਼ ਲਾਲੀ, ਸਹੁਰੇ ਘਰੋਂ ਗ੍ਰਿਫਤਾਰ
Friday, Jul 19, 2019 - 07:06 PM (IST)
ਬਠਿੰਡਾ (ਵਰਮਾ) : ਬਠਿੰਡਾ ਪੁਲਸ ਨੇ ਵੀਰਵਾਰ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਗੈਂਗਸਟਰ ਲਾਲੀ ਸਿਧਾਣਾ ਨੂੰ ਪੁਲਸ ਨੇ ਪੱਕੀ ਸੂਚਨਾ ਦੇ ਆਧਾਰ 'ਤੇ ਉਸਦੇ ਸਹੁਰੇ ਘਰੋਂ ਲਹਿਰਾ ਧੂਰਕੋਟ ਤੋਂ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 3 ਵਜੇ ਕਤਲ ਦੇ ਮਾਮਲੇ 'ਚ ਲੋੜੀਂਦੇ ਲਾਲੀ ਸਿਧਾਣਾ ਨੂੰ ਪੁਲਸ ਨੇ ਅੱਧਾ ਦਰਜਨ ਗੱਡੀਆਂ 'ਚ ਸਵਾਰ ਹੋ ਕੇ ਪੂਰੇ ਘਰ ਨੂੰ ਘੇਰ ਲਿਆ ਸੀ ਤੇ ਪੁਲਸ ਨੂੰ ਕੋਈ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਪੁਲਸ ਨੇ ਇਸ ਤੋਂ ਪਹਿਲਾਂ ਸਿਵਲ ਵਰਦੀ 'ਚ ਲਾਲੀ ਸਿਧਾਣਾ ਦੀ ਚੌਕੀਦਾਰ ਨੂੰ ਨਾਲ ਲੈ ਕੇ ਰੇਕੀ ਕੀਤੀ ਤੇ ਪੁਸ਼ਟੀ ਹੋਣ ਤੋਂ ਬਾਅਦ ਹੀ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਲਾਲੀ ਨੇ 2014 'ਚ ਆਪਣੇ ਸਕੇ ਚਾਚੇ ਦੇ ਲੜਕੇ ਅਮਨਾ ਦਾ ਕਤਲ ਕਰ ਦਿੱਤਾ ਸੀ ਤੇ ਆਪਣੇ ਚਾਚੇ ਸੁਦਾਗਰ ਸਿੰਘ ਦੀ ਵੀ ਕੁੱਟ-ਮਾਰ ਕਰ ਕੇ ਉਸਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਸੀ। ਲਾਲੀ ਸਿਧਾਣਾ ਨੇ ਅਮਨਾ ਦਾ ਕਤਲ ਫਿਲਮੀ ਅੰਦਾਜ਼ 'ਚ ਕੀਤਾ ਸੀ, ਜਦਕਿ ਮੌਕੇ 'ਤੇ ਗਵਾਹ ਚਾਚਾ ਨੂੰ ਵੀ ਉਸਨੇ ਮਾਰ ਦਿੱਤਾ। ਪੁਲਸ ਨੇ ਅਮਨਾ ਦੇ ਕਤਲ ਮਾਮਲੇ 'ਚ ਲਾਲੀ ਸਿਧਾਣਾ ਨੂੰ ਗ੍ਰਿਫਤਾਰ ਵੀ ਕੀਤਾ ਸੀ ਤੇ ਉਸਨੇ ਲਗਭਗ 9 ਮਹੀਨੇ ਜੇਲ 'ਚ ਕੱਟੇ ਤੇ ਪੁਲਸ ਵੱਲੋਂ ਉਸਦਾ ਚਲਾਨ ਪੇਸ਼ ਨਾ ਕੀਤੇ ਜਾਣ ਦੇ ਆਧਾਰ 'ਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਬਾਹਰ ਆ ਕੇ ਉਹ ਲੁੱਟ-ਖੋਹ ਕਰਨ ਲੱਗਾ ਅਤੇ ਪੁਲਸ ਉਸਦੇ ਪਿੱਛੇ ਲੱਗੀ ਰਹੀ। ਪੁਲਸ ਨੇ ਲਾਲੀ ਸਿਧਾਣਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਸ਼ੁੱਕਰਵਾਰ ਨੂੰ ਐੱਸ. ਐੱਸ. ਪੀ. ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਸ 'ਤੇ ਦਰਜ ਮਾਮਲੇ ਦਾ ਖੁਲਾਸਾ ਹੋਵੇਗਾ ਤੇ ਪੁਲਸ ਉਸਦਾ ਰਿਮਾਂਡ ਹਾਸਲ ਕਰੇਗੀ।