ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਚੜ੍ਹਿਆ ਪੁਲਸ ਅੜਿੱਕੇ, ਕਈ ਮਾਰੂ ਹਥਿਆਰ ਬਰਾਮਦ

Friday, May 17, 2024 - 09:04 AM (IST)

ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਚੜ੍ਹਿਆ ਪੁਲਸ ਅੜਿੱਕੇ, ਕਈ ਮਾਰੂ ਹਥਿਆਰ ਬਰਾਮਦ

ਮੋਹਾਲੀ (ਸੰਦੀਪ)- ਪਿਛਲੇ ਮਹੀਨੇ ਲਾਲੜੂ ਥਾਣਾ ਖੇਤਰ ’ਚ ਗ੍ਰਿਫ਼ਤਾਰ ‘ਏ’ ਸ਼੍ਰੇਣੀ ਦੇ ਗੈਂਗਸਟਰ ਮਲਕੀਤ ਸਿੰਘ ਉਰਫ਼ ਨਵਾਬ, ਗਮਦੂਰ ਸਿੰਘ ਤੇ ਅਜੈ ਪਾਲ ਦੀ ਨਿਸ਼ਾਨਦੇਹੀ ’ਤੇ ਸਪੈਸ਼ਲ ਸੈੱਲ ਦੀ ਟੀਮ ਨੇ ਵੀਰਵਾਰ ਨੂੰ ਤਰਨਤਾਰਨ ਦੇ ਸ਼ਰਨਜੀਤ ਸਿੰਘ ਉਰਫ਼ ਸੰਨੀ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 6 ਪਿਸਤੌਲ ਤੇ 20 ਕਾਰਤੂਸ ਬਰਾਮਦ ਕੀਤੇ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ’ਤੇ ਮਾਝਾ ਖੇਤਰ ’ਚ ਸਰਗਰਮ ਸੀ। ਇਥੇ ਹੀ ਉਹ ਨਾਮਵਰ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਦਾ ਸੀ।

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਮਗਰੋਂ ਹੁਣ ਕੋਵੈਕਸੀਨ ਦੇ Side Effects ਨੂੰ ਲੈ ਕੇ ਵੀ ਹੋਇਆ ਵੱਡਾ ਖ਼ੁਲਾਸਾ

ਐੱਸ. ਐੱਸ. ਪੀ. ਡਾਕਟਰ ਸੰਦੀਪ ਕੁਮਾਰ ਗਰਗ ਅਨੁਸਾਰ ਅਪ੍ਰੈਲ ’ਚ ਪੁਲਸ ਨੇ ਲਾਲੜੂ ਥਾਣਾ ਖੇਤਰ ਵਿਚ ‘ਏ’ ਸ਼੍ਰੇਣੀ ਦੇ ਦੋ ਗੈਂਗਸਟਰਾਂ ਮਲਕੀਤ ਸਿੰਘ ਉਰਫ਼ ਨਵਾਬ ਤੇ ਗਮਦੂਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਆਪਣੀ ਕਾਰ ’ਚ ਨਾਜਾਇਜ਼ ਹਥਿਆਰ ਲੈ ਕੇ ਪੰਜਾਬ ਜਾ ਰਹੇ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 6 ਪਿਸਤੌਲ, 12 ਮੈਗਜ਼ੀਨ ਤੇ 10 ਕਾਰਤੂਸ ਬਰਾਮਦ ਕੀਤੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਕ ਹੋਰ ਸਾਥੀ ਅਜੈ ਪਾਲ ਨੂੰ ਕਾਬੂ ਕੀਤਾ ਗਿਆ ਸੀ। ਉਸ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ ਸੀ। ਹੁਣ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸਪੈਸ਼ਲ ਸੈੱਲ ਦੀ ਟੀਮ ਨੇ ਸ਼ਰਨਜੀਤ ਸਿੰਘ ਉਰਫ਼ ਸੰਨੀ ਨੂੰ ਨੱਪਿਆ ਹੈ। ਪੁਲਸ ਨੇ ਉਸ ਕੋਲੋਂ .32 ਬੋਰ ਦੇ 4 ਪਿਸਤੌਲ, .30 ਬੋਰ ਦੇ 2 ਪਿਸਤੌਲ ਅਤੇ .32 ਬੋਰ ਦੇ 20 ਕਾਰਤੂਸ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਖੇਡ-ਖੇਡ ਵਿਚ 8 ਸਾਲਾ ਬੱਚੇ ਦੀ ਗਈ ਜਾਨ, 4 ਘੰਟੇ ਬਾਅਦ ਮਿਲੀ ਮ੍ਰਿਤਕ ਦੇਹ

ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰੇ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਇਸ਼ਾਰੇ ’ਤੇ ਮਾਝਾ ਏਰੀਏ ’ਚ ਸਰਗਰਮ ਸਨ। ਗਿਰੋਹ ਦਾ ਮੁੱਖ ਕੰਮ ਲੋਕਾਂ ਤੋਂ ਫਿਰੌਤੀ ਮੰਗਣਾ ਸੀ। ਸੂਤਰਾਂ ਅਨੁਸਾਰ ਲੰਡਾ ਦੇ ਨਿਰਦੇਸ਼ ’ਤੇ ਹੀ ਉਕਤ ਗੁਰਗੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਮੁਲਜ਼ਮ ਮੱਧ ਪ੍ਰਦੇਸ਼ ਤੋਂ ਗ਼ੈਰ-ਕਾਨੂੰਨੀ ਹਥਿਆਰ ਲਿਆ ਕੇ ਗੈਂਗ ਦੇ ਹੋਰ ਮੈਂਬਰਾਂ ਨੂੰ ਸਪਲਾਈ ਵੀ ਕਰਦੇ ਸਨ। ਪੁਲਸ ਹੁਣ ਮੁਲਜ਼ਮਾਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੇ ਗਿਰੋਹ ਦੇ ਹੋਰ ਕਿਹੜੇ ਮੈਂਬਰ ਕਿੱਥੇ ਸਰਗਰਮ ਹਨ, ਨਾਲ ਹੀ ਫਿਰੌਤੀ ਦੀ ਰਕਮ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਸੀ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਜਲਦ ਹੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News