ਗੁਗਨੀ ਤੇ ਮਾਲੂਕ ਦੀ ਜੁਗਲਬੰਦੀ ਨਾਲ ਪੰਜਾਬ ਪਹੁੰਚੇ ਸਨ ਹਥਿਆਰ

Tuesday, Dec 05, 2017 - 04:58 AM (IST)

ਲੁਧਿਆਣਾ(ਪੰਕਜ)-ਜੇਲ 'ਚ ਬੰਦ ਖਤਰਨਾਕ ਗੈਂਗਸਟਰ ਧਰਮਿੰਦਰ ਗੁਗਨੀ ਤੇ ਗਾਜ਼ੀਆਬਾਦ ਦੇ ਹਥਿਆਰ ਸਮੱਗਲਰ ਮਾਲੂਕ ਦੀ ਜੁਗਲਬੰਦੀ ਕਾਰਨ ਹੋਈਆਂ ਹਾਈਪ੍ਰੋਫਾਈਲ ਹੱਤਿਆਵਾਂ 'ਚ ਵਰਤੇ ਹਥਿਆਰ ਪੰਜਾਬ 'ਚ ਆਏ ਸਨ। ਇਸ ਖੇਡ 'ਚ ਗੁਗਨੀ ਦੇ ਪੈਟਰੋਲ ਪੰਪ ਦਾ ਮੈਨੇਜਰ ਵੀ ਅਹਿਮ ਕਿਰਦਾਰ ਦੱਸਿਆ ਜਾਂਦਾ ਹੈ, ਜੋ ਕਿ ਬੌਸ ਦੇ ਹੁਕਮਾਂ 'ਤੇ ਹਥਿਆਰ ਦਿੰਦਾ ਸੀ। ਗਾਜ਼ੀਆਬਾਦ 'ਚ ਮਲੂਕ ਨੂੰ ਫੜਨ ਗਈਆਂ ਟੀਮਾਂ 'ਤੇ ਹੋਈ ਫਾਇਰਿੰਗ ਨੇ ਇਥੇ ਸਾਫ ਕਰ ਦਿੱਤਾ ਕਿ ਮੁਲਜ਼ਮ ਕਿੰਨੇ ਚਲਾਕ ਤੇ ਖਤਰਨਾਕ ਹਨ, ਉਥੇ ਹਥਿਆਰ ਕਿਥੋਂ ਤੇ ਕਿਸ ਰਾਹੀਂ ਪੰਜਾਬ ਪਹੁੰਚਦੇ ਸਨ, ਇਸ ਸਬੰਧੀ ਅਹਿਮ ਜਾਣਕਾਰੀ ਵੀ ਐੱਨ. ਆਈ. ਏ. ਨੇ ਗੁਗਨੀ ਤੇ ਉਸਦੇ ਮੈਨੇਜਰ ਤੋਂ ਪੁੱਛਗਿੱਛ ਦੌਰਾਨ ਹਾਸਲ ਕੀਤੀ ਸੀ। ਵਿਦਿਆਰਥੀ ਜੀਵਨ 'ਚ ਅਪਰਾਧ ਦੀ ਦੁਨੀਆ 'ਚ ਪੈਰ ਰੱਖਣ ਵਾਲੇ ਗੁਗਨੀ ਦਾ ਨੈੱਟਵਰਕ ਕਿਸੇ ਤੋਂ ਲੁਕਿਆ ਨਹੀਂ ਹੈ। ਖੁਦ ਜੇਲ ਅੰਦਰ ਰਹਿ ਕੇ ਆਪਣੇ ਕੱਟੜ ਵਿਰੋਧੀ ਕਾਂਗਰਸੀ ਸਰਪੰਚ ਰਵੀ ਖਵਾਜਕੇ ਦੀ ਕਥਿਤ ਤੌਰ 'ਤੇ ਹੱਤਿਆ ਕਰਵਾਉਣ ਵਾਲੇ ਗੁਗਨੀ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਸੀ ਕਿ ਉਸਨੂੰ ਵੈਪਨ ਮੁਹੱਈਆ ਕਰਵਾਉਣ ਦੀ ਇਵਜ਼ 'ਚ 40 ਲੱਖ ਦੀ ਭਾਰੀ ਰਾਸ਼ੀ ਮਿਲੀ ਸੀ।
ਹਥਿਆਰਾਂ ਦਾ ਆਰਡਰ ਗੁਗਨੀ ਦਿੰਦਾ ਸੀ ਤੇ ਇਸਦੀ ਸਪਲਾਈ ਦਾ ਕੰਮ ਮਲੂਕ ਤੇ ਉਸਦੇ ਸਾਥੀ ਕਰਦੇ ਸਨ ਜਦ ਕਿ ਪੰਜਾਬ 'ਚ ਪਹੁੰਚੇ ਹਥਿਆਰਾਂ ਨੂੰ ਸੰਭਾਲਣਾ ਪੰਪ ਮੈਨੇਜਰ ਦਾ ਕੰਮ ਸੀ। ਗੁਗਨੀ ਤੇ ਉਸਦੇ ਮੈਨੇਜਰ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਮਲੂਕ ਦੇ ਨਾਂ ਦੀ ਪੁਸ਼ਟ ਕਰਨ ਲਈ ਹੀ ਐੱਨ. ਆਈ. ਏ. ਵੱਲੋਂ ਐਤਵਾਰ ਨੂੰ ਗਾਜ਼ੀਆਬਾਦ 'ਚ ਛਾਪੇਮਾਰੀ ਕੀਤੀ ਗਈ ਸੀ, ਜਿਸ 'ਚ ਯੂ. ਪੀ. ਪੁਲਸ ਦਾ ਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ।
ਸਰਗਰਮ ਗੈਂਗਸਟਰ ਗਰੁੱਪ ਮੰਗਵਾਉਂਦੇ ਰਹਿੰਦੇ ਹਨ ਹਥਿਆਰ
ਦੇਸ਼ 'ਚ ਨਾਜਾਇਜ਼ ਹਥਿਆਰਾਂ ਦਾ ਗੜ੍ਹ ਮੰਨੇ ਜਾਣ ਵਾਲਾ ਰਾਜ ਯੂ. ਪੀ. 'ਚ ਸਰਗਰਮ ਗੈਂਗਸਟਰ ਗਰੁੱਪਾਂ ਦਾ ਮਦਦਗਾਰ ਹੈ। ਮੇਰਠ, ਗਾਜ਼ੀਆਬਾਦ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ 'ਚ ਘਰ-ਘਰ 'ਚ ਨਾਜਾਇਜ਼ ਹਥਿਆਰ ਨਾ ਸਿਰਫ ਬਣਾਏ ਜਾਂਦੇ ਹਨ, ਬਲਕਿ ਅੱਗੇ ਸਪਲਾਈ ਵੀ ਕੀਤੇ ਜਾਂਦੇ ਹਨ। ਹਰ ਤਰ੍ਹਾਂ ਦਾ ਹਥਿਆਰ ਬਣਾਉਣ ਵਾਲੇ ਛੋਟੇ-ਛੋਟੇ ਘਰਾਂ 'ਚ ਬਣੀਆਂ ਨਾਜਾਇਜ਼ ਫੈਕਟਰੀਆਂ ਤੋਂ ਹੀ ਆਨ ਡਿਮਾਂਡ ਕਿਸੀ ਵੀ ਕੈਟਾਗਰੀ ਦਾ ਹਥਿਆਰ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਹਥਿਆਰਾਂ ਨਾਲ ਗੈਂਗਸਟਰ ਪੰਜਾਬ ਦੇ ਸ਼ਾਂਤ ਮਾਹੌਲ 'ਚ ਜ਼ਹਿਰ ਘੋਲ ਰਹੇ ਹਨ।
ਪੂਰੀ ਚੇਨ ਤੋੜਨ 'ਚ ਜੁਟੀ ਏਜੰਸੀ
ਪੰਜਾਬ ਪੁਲਸ ਵੱਲੋਂ ਹੱਤਿਆਵਾਂ ਦੇ ਮਾਮਲੇ ਸੁਲਝਾਉਣ ਦੇ ਬਾਅਦ ਕੇਂਦਰੀ ਏਜੰਸੀ ਨੂੰ ਸੌਂਪੀ ਫਾਈਲ ਤੇ ਫੜੇ ਮੁਲਜ਼ਮ ਪੁੱਛਗਿੱਛ ਦੌਰਾਨ ਅੱਗੇ ਤੋਂ ਅੱਗੇ ਸਬੂਤ ਦਿੰਦੇ ਜਾ ਰਹੇ ਹਨ, ਜਿਸ ਕਾਰਨ ਅਧਿਕਾਰੀ ਪੂਰੀ ਚੇਨ ਨੂੰ ਤੋੜਨਾ ਚਾਹੁੰਦੇ ਹਨ, ਤਾਂ ਕਿ ਅੱਤਵਾਦੀਆਂ ਦੀ ਪੂਰੀ ਤਰ੍ਹਾਂ ਨਾਲ ਕਮਰ ਤੋੜੀ ਜਾ ਸਕੇ।


Related News