ਬਦਮਾਸ਼ ਦਿਲਪ੍ਰੀਤ ਸਿੰਘ ਉਰਫ ਬਾਬਾ ਅਦਾਲਤ ''ਚ ਪੇਸ਼

12/18/2019 10:58:26 AM

ਜਲੰਧਰ (ਜਤਿੰਦਰ, ਭਾਰਦਵਾਜ, ਕਮਲੇਸ਼)— ਪੁਲਸ ਵੱਲੋਂ ਰੋਪੜ ਜੇਲ ਤੋਂ ਲਿਆਂਦੇ ਖਤਰਨਾਕ ਬਦਮਾਸ਼ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਦੋ ਸਾਥੀ ਹਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਸਣੇ ਜਲੰਧਰ ਵਿਖੇ ਅਦਾਲਤ 'ਚ ਪੇਸ਼ ਕੀਤਾ ਗਿਆ। ਇਨ੍ਹਾਂ 'ਤੇ ਸੋਢੀ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਸਨ, ਜਿਸ ਨੂੰ ਲੈ ਕੇ ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ 'ਚ ਇਨ੍ਹਾਂ ਦੀ ਪੇਸ਼ੀ ਕੀਤੀ ਗਈ। ਅਦਾਲਤ ਨੇ ਮਾਮਲੇ ਦੀ ਸੁਣਵਾਈ 7 ਜਨਵਰੀ 2020 ਤੱਕ ਮੁਲਤਵੀ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ 6 ਜੂਨ 2016 ਨੂੰ ਸ਼ਾਹਕੋਟ ਦੇ ਪਿੰਡ ਸਲੇਚਾ ਦੇ ਰਹਿਣ ਵਾਲੇ ਕਾਰਪੇਂਟਰ ਸੋਢੀ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਥਾਣਾ ਸ਼ਾਹਕੋਟ 'ਚ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ ।ਹਮਲਾਵਰ ਕਾਰਪੇਂਟਰ 'ਤੇ ਹੋਏ ਹਮਲੇ ਨੂੰ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ। ਇਸੇ ਦੌਰਾਨ ਕਾਰ 'ਚ ਆਏ ਹਮਲਾਵਰ ਗੋਲੀਆਂ ਚਲਾ ਕੇ ਉਥੋਂ ਭੱਜ ਗਏ ਸਨ।

ਕਾਰਪੇਂਟਰ ਦੇ ਬੇਟੇ ਜਗਜੀਤ ਸਿੰਘ ਨੇ ਸ਼ਿਕਾਇਤ 'ਚ ਕਿਹਾ ਸੀ ਉਨ੍ਹਾਂ ਦਾ ਜੱਦੀ ਪਿੰਡ ਤਲਵੰਡੀ ਸੰਘੇੜਾ ਹੈ। ਇਥੋਂ ਦੇ ਸਾਬਕਾ ਸਰਪੰਚ ਧੰਨਾ ਸਿੰਘ ਨਾਲ ਉਨ੍ਹਾਂ ਦੇ ਪਿਤਾ ਦੀ ਦੋਸਤੀ ਸੀ। ਉਨ੍ਹਾਂ ਦੱਸਿਆ ਸੀ ਕਿ ਹਮਲੇ ਵਾਲੇ ਦਿਨ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ। ਮਾਂ ਜਸਵਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਖੜ੍ਹੇ ਨੌਜਵਾਨ ਨੇ ਕਿਹਾ ਉਨ੍ਹਾਂ ਨੇ ਸੋਢੀ ਸਿੰਘ ਨਾਲ ਗੱਲ ਕਰਨੀ ਹੈ। ਕਾਰ 'ਚ ਹਰਜੀਤ ਸਿੰਘ ਅਤੇ ਉਸ ਦਾ ਭਰਾ ਬੈਠਾ ਸੀ। ਜਦੋਂ ਪਿਤਾ ਬਾਹਰ ਆਏ ਤਾਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਪਿੰਡ ਵਾਲਿਆਂ ਦੇ ਇਕੱਠੇ ਹੋਣ ਦੌਰਾਨ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਭੱਜ ਗਏ ਸਨ। ਥਾਣਾ ਸ਼ਾਹਕੋਟ ਪੁਲਸ ਨੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਾਂਚ ਦੌਰਾਨ ਹਮਲੇ ਦੇ ਤਾਰ ਦਲਪ੍ਰੀਤ ਸਿੰਘ ਬਾਬਾ ਨਾਲ ਜੁੜ ਗਏ ਸਨ।


shivani attri

Content Editor

Related News