ਗੈਂਗਸਟਰ ਸਾਥੀ ਸਣੇ ਢਾਈ ਕਰੋੜ ਦੀ ਹੈਰੋਇਨ ਸਮੇਤ ਕਾਬੂ
Sunday, Sep 08, 2019 - 11:15 PM (IST)

ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਇਕ ਗੈਂਗਸਟਰ ਅਤੇ ਉਸ ਦੇ ਸਾਥੀ ਨੂੰ ਢਾਈ ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਸਬੰਧੀ ਅੱਜ ਐੱਸ. ਟੀ. ਐੱਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਿਊ ਗਗਨਦੀਪ ਕਾਲੋਨੀ 'ਚ 2 ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਹਨ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਡੀ. ਐੱਸ. ਪੀ. ਪਵਨਜੀਤ ਸਿੰਘ ਚੌਧਰੀ ਦੀ ਅਗਵਾਈ 'ਚ ਮੁਹੱਲਾ ਗਗਨਦੀਪ ਕਾਲੋਨੀ 'ਚ ਇਕ ਮਰੂਤੀ ਜ਼ੈਨ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ, ਜਿਸ 'ਚ ਦੋ ਵਿਅਕਤੀ ਸਵਾਰ ਸਨ, ਜਦ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਢਾਈ ਕਰੋੜ ਰੁਪਏ ਕੀਮਤ ਆਂਕੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਜਤਿੰਦਰ ਕੁਮਾਰ ਚਿੰਟੂ 32 ਵਾਸੀ ਮੁਹੱਲਾ ਨਿਊ ਬਸੰਤ ਵਿਹਾਰ ਨੂਰਵਾਲਾ, ਸ਼ਿਵ ਕੁਮਾਰ ਵਾਸੀ ਗਗਨਦੀਪ ਕਾਲੋਨੀ ਕਾਕੋਵਾਲ ਰੋਡ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਮੋਹਾਲੀ ਐੱਸ. ਟੀ. ਐੱਫ. ਪੁਲਸ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਜਤਿੰਦਰ ਕੁਮਾਰ ਚਿੰਟੂ ਪਹਿਲਾਂ ਕਈ ਗੈਂਗਵਾਰਾਂ 'ਚ ਸ਼ਾਮਲ ਰਿਹਾ ਹੈ, ਜਿਸ 'ਤੇ ਕਤਲ, ਇਰਾਦਾ ਕਤਲ, ਗਿਰੋਹਬੰਦੀ, ਅਸਲਾ ਐਕਟ, ਲੜਾਈ-ਝਗੜੇ ਦੇ 10 ਮਾਮਲੇ ਦਰਜ ਹਨ। ਕਤਲ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ, ਜਿਸ 'ਚ ਦੋਸ਼ੀ 12 ਸਾਲ ਤੱਕ ਜੇਲ 'ਚ ਰਿਹਾ ਅਤੇ 2 ਸਾਲ ਪਹਿਲਾ ਜ਼ਮਾਨਤ 'ਤੇ ਆਇਆ ਸੀ। ਦੂਜੇ ਦੋਸ਼ੀ ਸ਼ਿਵਕੁਮਾਰ ਇਕ ਕੱਪੜੇ ਦੀ ਫੈਕਟਰੀ 'ਚ ਕਟਿੰਗ ਮਾਸਟਰ ਹੈ, ਜੋ ਆਪਣੇ ਦੋਸਤ ਨਾਲ ਮਿਲ ਕੇ ਹੈਰੋਇਨ ਵੇਚਣ ਲੱਗ ਪਿਆ। ਦੋਵੇਂ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ। ਪੁਲਸ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿਛ ਕਰੇਗੀ।