ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

Saturday, Jan 14, 2023 - 06:32 PM (IST)

ਬਠਿੰਡਾ (ਵਰਮਾ) : ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਰਾਜੀਵ ਰਾਜਾ ਨੇ ਜੇਲ੍ਹ ਤੋਂ ਲਿਖੀ ਚਿੱਠੀ ’ਚ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੂੰ ਨੌਜਵਾਨਾਂ ਨੂੰ ਗੁੰਮਰਾਹ ਨਾ ਕਰਨ ਦੀ ਸਲਾਹ ਦਿੱਤੀ ਹੈ। ਗੈਂਗਸਟਰ ਨੇ ਆਪਣੀ ਭੈਣ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕਾ ਹੈ। ਹੁਣ ਨੌਜਵਾਨਾਂ ਨੂੰ ਉਕਸਾਇਆ ਨਹੀਂ ਜਾਣਾ ਚਾਹੀਦਾ। ਉਸ ਨੇ ਲਿਖਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਜੇਲ੍ਹ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਗੈਂਗਸਟਰ ਰਾਜੀਵ ਰਾਜਾ ਨੇ ਆਪਣੀ ਭੈਣ ਦੇ ਨਾਂ ਇਕ ਚਿੱਠੀ ਭੇਜੀ ਸੀ, ਜੋ ਅੱਗੇ ਮੀਡੀਆ ਨੂੰ ਵੀ ਭੇਜੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਸੂਤਰਾਂ ਨੇ ਦੱਸਿਆ ਕਿ ਚਿੱਠੀ ’ਚ ਗੈਂਗਸਟਰ ਰਾਜਾ ਨੇ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ’ਤੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖਿਆ ਕਿ ਜੇਕਰ ਪੰਜਾਬ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਵੀ ਹਥਿਆਰ ਚੁੱਕ ਲੈਣ ਤਾਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਨਹੀਂ ਹੋਵੇਗਾ, ਸਗੋਂ ਹਥਿਆਰ ਚੁੱਕਣ ਵਾਲੇ ਨੌਜਵਾਨਾਂ ਦੀ ਸਾਰੀ ਉਮਰ ਜੇਲ੍ਹਾਂ ’ਚ ਹੀ ਗੁਜ਼ਰ ਜਾਵੇਗੀ। ਉਸ ਨੇ ਲਿਖਿਆ ਕਿ ਉਹ ਵੀ ਕਈ ਸਾਲਾਂ ਤੋਂ ਜੇਲ੍ਹ ਵਿਚ ਜ਼ਿੰਦਗੀ ਕੱਟ ਰਿਹਾ ਹੈ ਅਤੇ ਜੇਲ੍ਹ ਦੀ ਜ਼ਿੰਦਗੀ ਬਹੁਤ ਔਖੀ ਹੈ। ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਅਜਿਹੇ ਵਿਅਕਤੀ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ, ਜੋ ਉਨ੍ਹਾਂ ਦੀ ਜ਼ਿੰਦਗੀ ਖਰਾਬ ਕਰਨ ਲਈ ਹਥਿਆਰ ਚੁੱਕਣ ਦੀ ਸਲਾਹ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਉਪਰੋਕਤ ਚਿੱਠੀ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਦੱਸਿਆ ਕਿ ਗੈਂਗਸਟਰ ਰਾਜਾ ਨੇ ਇਹ ਚਿੱਠੀ ਆਪਣੀ ਭੈਣ ਨੂੰ ਭੇਜੀ ਸੀ। ਉਸ ਨੇ ਇਸ ਚਿੱਠੀ ’ਚ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੇਲ ਸੁਪਰਡੈਂਟ ਐੱਨ. ਡੀ. ਨੇਗੀ ਨੇ ਦੱਸਿਆ ਕਿ ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਜੇਲ੍ਹ ਨਿਯਮਾਂ ਅਨੁਸਾਰ ਚਿੱਠੀਆਂ ਲਿਖਣ ਦੀ ਆਜ਼ਾਦੀ ਮਿਲਦੀ ਹੈ ਪਰ ਉਸ ਨੇ ਵੀ ਉਕਤ ਚਿੱਠੀ ਬਾਰੇ ਮੀਡੀਆ ਰਾਹੀਂ ਹੀ ਸੁਣਿਆ ਹੈ।

ਇਹ ਵੀ ਪੜ੍ਹੋ : ਕਣਕ, ਚੌਲ ਲੈਣ ਵਾਲੇ ਲਾਭਪਾਤਰੀਆਂ ਲਈ ਖ਼ੁਸ਼ਖਬਰੀ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News