ਸੁਰੱਖਿਆ ਏਜੰਸੀਆਂ, ਗ੍ਰਹਿ ਮੰਤਰਾਲਾ, ਪੁਲਸ ਤੇ ਜੇਲਾਂ ਲਈ ਮੁਸੀਬਤ ਬਣਿਆ ‘ਗੈਂਗਸਟਰ ਰਾਜਾ’

03/20/2021 6:20:44 PM

ਨਾਭਾ (ਜੈਨ)- ਲੰਮੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ (ਪੁੱਤਰ ਰਾਮਪਾਲ ਵਾਸੀ ਲੁਧਿਆਣਾ) ਇਸ ਸਮੇਂ ਜੇਲ ਦੇ ਅੰਦਰ ਅਤੇ ਬਾਹਰ ਗ੍ਰਹਿ ਮੰਤਰਾਲਾ, ਪੁਲਸ, ਜੇਲ ਵਿਭਾਗ ਤੇ ਖੁਫੀਆ ਏਜੰਸੀਆਂ ਲਈ ਮੁਸੀਬਤ ਬਣਿਆ ਹੋਇਆ ਹੈ। ਕੋਤਵਾਲੀ ਪੁਲਸ ਨਾਭਾ ਨੇ 11 ਦਿਨ ਪਹਿਲਾਂ ਰਾਜਾ ਖਿਲਾਫ ਜੇਲ ’ਚੋਂ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਠੱਗੀਆਂ ਮਾਰਨ ਦਾ ਗੈਂਗ ਚਲਾਉਣ ਦੇ ਦੋਸ਼ ’ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਆਮ ਤੌਰ ’ਤੇ ਬਿਹਾਰ ਤੇ ਯੂ. ਪੀ. ’ਚ ਤਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਸਨ ਪਰ ਪੰਜਾਬ ’ਚ ਇਹ ਲੋਕਾਂ ਨੂੰ ਧਮਕਾ ਕੇ ਠੱਗੀਆਂ ਮਾਰਨ ਦਾ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ : ਪਟਿਆਲਾ : ਰਜਿੰਦਰਾ ਹਸਪਤਾਲ ਦਾ ਹੈਰਾਨ ਕਰਦਾ ਮਾਮਲਾ, 4 ਸਾਲਾ ਬੱਚੇ ਦੇ ਢਿੱਡ ’ਚੋ ਜੋ ਨਿਕਲਿਆ ਦੇਖ ਡਾਕਟਰਾਂ ਦੇ ਵੀ ਉੱਡੇ ਹੋਸ਼

ਸੂਤਰਾਂ ਅਨੁਸਾਰ ਇਸ ਗੈਂਗਸਟਰ ਦੇ ਸਿਆਸਤਦਾਨਾਂ ਨਾਲ ਵੀ ਸਬੰਧ ਹੋ ਸਕਦੇ ਹਨ ਕਿਉਂਕਿ ਸੂਬੇ ਦੀਆਂ ਵੱਖ-ਵੱਖ ਜੇਲਾਂ ’ਚ ਰਹਿਣ ਸਮੇਂ ਇਹ ਖਤਰਨਾਕ ਗੈਂਗਸਟਰ ਧੜੱਲੇ ਨਾਲ ਮੋਬਾਇਲ ਇਸਤੇਮਾਲ ਕਰਦਾ ਰਿਹਾ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਜੇਕਰ ਰਾਜਾ ਮਾਮਲੇ ਦੀ ਜਾਂਚ ਐੱਨ. ਆਈ. ਏ. (ਕੌਮੀ ਸੁਰੱਖਿਆ ਏਜੰਸੀ) ਕਰੇ ਤਾਂ ਸਨਸਨੀਖੇਜ਼ ਖੁਲਾਸੇ ਸੰਭਵ ਹਨ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਰਾਜਾ ਖ਼ਿਲਾਫ਼ ਪਹਿਲਾ ਪੁਲਸ ਕੇਸ 21 ਅਪ੍ਰੈਲ 2003 ਨੂੰ ਧਾਰਾ 379, 411 ਆਈ. ਪੀ. ਸੀ. ਅਧੀਨ ਲੁਧਿਆਣਾ ’ਚ ਦਰਜ ਹੋਇਆ ਸੀ। ਕੁੱਝ ਦਿਨਾਂ ਬਾਅਦ ਹੋਏ ਇਕ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਰਾਜੀਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ 12 ਮਈ 2006 ਨੂੰ ਦਰਜ ਹੋਇਆ। ਇਸ ਕੇਸ ’ਚ ਅੰਡਰ ਟਰਾਇਲ ਦੌਰਾਨ ਰਾਜਾ 4 ਸਾਲ ਇਕ ਮਹੀਨਾ 5 ਦਿਨ ਅਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ 9 ਸਾਲ 5 ਮਹੀਨੇ 20 ਦਿਨ ਸਲਾਖਾਂ ਪਿੱਛੇ ਰਿਹਾ। ਰਾਜੀਵ ਰਾਜਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 28 ਤੋਂ ਵੱਧ ਮਾਮਲੇ ਦਰਜ ਹਨ। ਕੁੱਝ ਕੇਸਾਂ ’ਚ ਸਜ਼ਾ ਵੀ ਸੁਣਾਈ ਗਈ।

ਇਹ ਵੀ ਪੜ੍ਹੋ : ਮੋਗਾ ’ਚ ਦੋ ਸਕੀਆਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ ਕਾਤਲ 24 ਘੰਟਿਆਂ ’ਚ ਗ੍ਰਿਫ਼ਤਾਰ

ਗੈਂਗਸਟਰ ਰਾਜੀਵ ਨੂੰ ਲੁਧਿਆਣਾ, ਨਾਭਾ, ਸੰਗਰੂਰ, ਪਟਿਆਲਾ ਸਮੇਤ ਕਈ ਜੇਲਾਂ ’ਚ ਰੱਖਿਆ ਗਿਆ। ਜੇਲਾਂ ’ਚ ਕੁੱਟਮਾਰ ਕਰਨ ਲਈ ਮਾਮਲੇ ਦਰਜ ਹੋਏ। ਵੱਖ-ਵੱਖ ਜੇਲਾਂ ’ਚ ਬੰਦੀ ਦੌਰਾਨ ਮੋਬਾਇਲ ਬਰਾਮਦ ਹੋਏ ਪਰ ਅਜੇ ਤੱਕ ਪੁਲਸ ਜਾਂਚ ’ਚ ਇਹ ਸਾਹਮਣੇ ਨਹੀਂ ਆਇਆ ਕਿ ਰਾਜੀਵ ਨੂੰ ਜੇਲਾਂ ’ਚ ਮੋਬਾਇਲ ਕੌਣ ਸਪਲਾਈ ਕਰਦਾ ਸੀ, ਜਿਸ ਨਾਲ ਉਸ ਦਾ ਗੈਂਗ ਚੱਲਦਾ ਰਿਹਾ ਅਤੇ ਰਾਜੀਵ ਕਾਰੋਬਾਰੀਆਂ ਨੂੰ ਧਮਕਾਉਂਦਾ ਰਿਹਾ। ਪਿਛਲੇ 11 ਦਿਨਾਂ ਤੋਂ ਰਾਜੀਵ ਪੰਜਾਬ ਪੁਲਸ ਦੀ ਇੰਟੈਲੀਜੈਂਸੀ ਏਜੰਸੀ ਦੀ ਹਿਰਾਸਤ ’ਚ ਹੈ, ਜਿਸ ਬਾਰੇ ਜੇਲ ਦਾ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਜਲੰਧਰ : ਸਕੂਲ ਦੇ ਦਫ਼ਤਰ ’ਚ ਜਨਾਨੀ ਨਾਲ ਰੰਗੇ ਹੱਥੀਆਂ ਫੜਿਆ ਗਿਆ ਪ੍ਰਿੰਸੀਪਲ

ਸੰਪਰਕ ਕਰਨ ’ਤੇ ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਅਸੀਂ ਰਾਜੀਵ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਕੇ ਠੱਗੀਆਂ ਮਾਰਨ ਦੇ ਮਾਮਲੇ ’ਚ ਜਾਂਚ ਪੜਤਾਲ ਕਰਾਂਗੇ। ਵਰਨਣਯੋਗ ਹੈ ਕਿ ਰਾਜੀਵ ਇਕ ਵਾਰੀ ਪੁਲਸ ਹਿਰਾਸਤ ’ਚੋਂ ਵੀ ਫਰਾਰ ਹੋ ਗਿਆ ਸੀ। ਨਾਭਾ, ਪਟਿਆਲਾ ਤੇ ਸੰਗਰੂਰ ਦੀਆਂ ਜੇਲਾਂ ’ਚ ਬੰਦ ਰਹਿਣ ਦੌਰਾਨ ਮੋਬਾਇਲ ਬਰਾਮਦ ਹੋਏ ਪਰ ਪੁਲਸ ਨੇ ਜਾਂਚ ਦੌਰਾਨ ਕਦੇ ਵੀ ਸਪੱਸ਼ਟ ਨਹੀਂ ਕੀਤਾ ਕਿ ਮੋਬਾਇਲ ਕਦੋਂ ਤੇ ਕਿਸ ਨੇ ਸਪਲਾਈ ਕੀਤੇ? ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੇਕਰ ਇਸ ਗੈਂਗਸਟਰ ਬਾਰੇ ਨਿਰਪੱਖ ਪੜਤਾਲ ਕਰਵਾਉਣ ਤਾਂ ਅਨੇਕ ਵੱਡੇ ਅਧਿਕਾਰੀ ਤੇ ਕੁੱਝ ਸਿਆਸਤਦਾਨਾਂ ਦੇ ਚਿਹਰੇ ਨੰਗੇ ਹੋ ਸਕਦੇ ਹਨ। ਇਹ ਪ੍ਰਗਟਾਵਾ ਕਰਦਿਆਂ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਗਿਆਨ ਸਿੰਘ ਮੂੰਗੋ ਐਡਵੋਕੇਟ ਨੇ ਕਿਹਾ ਕਿ ਐੱਨ. ਆਈ. ਏ. ਇਸ ਸਾਰੇ ਮਾਮਲੇ ਦੀ ਜਾਂਚ ਕਰੇ ਤਾਂ ਜੋ ਅਸਲੀਅਤ ਲੋਕਾਂ ਸਾਹਮਣੇ ਆ ਸਕੇ ਕਿਉਂਕਿ ਸਕਿਓਰਟੀ ਜੇਲ ’ਚੋਂ ਗੈਂਗ ਚਲਾਉਣਾ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ। ਕਾਲੀਆਂ ਭੇਡਾਂ ਜੋ ਅਪਰਾਧੀਆਂ ਨੂੰ ਪਨਾਹ ਦਿੰਦੀਆਂ ਹਨ, ਨੂੰ ਨੰਗਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਵਿਦਿਅਕ ਅਦਾਰੇ ਬੰਦ, ਸਿਨੇਮਾ ਘਰਾਂ ਤੇ ਬਾਜ਼ਾਰਾਂ ਲਈ ਹੁਕਮ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 
 


Gurminder Singh

Content Editor

Related News