ਕੇਂਦਰੀ ਜੇਲ੍ਹ ’ਚ ਤਲਾਸ਼ੀ ਦੌਰਾਨ ਤਿੰਨ ਗੈਂਗਸਟਰ ਕੈਦੀ ਤੇ ਹਵਾਲਾਤੀ ਕੋਲੋਂ 3 ਫੋਨ ਬਰਾਮਦ
Wednesday, Jun 01, 2022 - 05:14 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਤਿੰਨ ਗੈਂਗਸਟਰ ਕੈਦੀ, ਹਵਾਲਾਤੀ ਕੋਲੋਂ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਗੈਂਗਸਟਰ ਕੈਦੀ ਅਤੇ ਹਵਾਲਾਤੀ ਖ਼ਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 2753 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 31 ਮਈ 2022 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਸੈੱਲ ਬਲਾਕ ਨੰਬਰ 2 ਦੀ ਚੱਕੀ ਨੰਬਰ 1 ਦੀ ਤਲਾਸ਼ੀ ਦੌਰਾਨ ਗੈਂਗਸਟਰ ਕੈਦੀ ਗੁਰਜਿੰਦਰ ਸਿੰਘ ਉਰਫ ਗਿੰਦਾ ਪੁੱਤਰ ਜੁਝਾਰ ਸਿੰਘ ਵਾਸੀ ਪਿੰਡ ਮਹਿੰਦਪੁਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਉਪੋ ਸਮੇਤ ਸਿੰਮ ਕਾਰਡ ਬਰਾਮਦ ਹੋਇਆ।
ਇਸ ਤੋਂ ਬਾਅਦ ਸੈੱਲ ਬਲਾਕ ਨੰਬਰ 3 ਦੀ ਚੱਕੀ ਨੰਬਰ 7 ਦੀ ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਜਵਾ ਪੁੱਤਰ ਸੁਖਦੇਵ ਸਿੰਘ ਵਾਸੀ 47 ਰਾਜਾ ਗਾਰਡਨ ਐਕਸਟੈਨਸ਼ਨ ਚੋਪੜਾ ਕਾਲੌਨੀ ਥਾਣਾ ਬਸਤੀ ਬਾਵਾ ਖੇਲ ਜਲੰਧਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ ਕੀ-ਪੈਡ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। ਇਸ ਤੋਂ ਬਾਅਦ ਸੈੱਲ ਬਲਾਕ 4 ਦੀ ਚੱਕੀ ਨੰਬਰ 5 ਦੀ ਤਲਾਸ਼ੀ ਦੌਰਾਨ ਗੈਂਗਸਟਰ ਤਰਨਜੋਤ ਸਿੰਘ ਉਰਫ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਲਖਨਪਾਲ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 1 ਮੋਬਾਇਲ ਫੋਨ ਮਾਰਕਾ ਵੀਵੋ ਟੱਚ ਸਕਰੀਨ ਸਮੇਤ ਸਿੰਮ ਕਾਰਡ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਗੈਂਗਸਟਰ ਕੈਦੀ ਅਤੇ ਹਵਾਲਾਤੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।