ਮੋਰਨੀ ਗੈਂਗਰੇਪ ਕੇਸ ਵਿਚ ਹਾਈ ਕੋਰਟ ਨੇ ਲਿਆ ਖੁਦ ਨੋਟਿਸ

07/27/2018 6:06:19 AM

ਚੰਡੀਗੜ੍ਹ (ਬਰਜਿੰਦਰ)-ਮੋਰਨੀ ਵਿਚ ਇਕ ਵਿਆਹੁਤਾ ਨਾਲ ਹੋਈ ਕਥਿਤ ਗੈਂਗਰੇਪ ਦੀ ਘਟਨਾ 'ਤੇ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਵਿਚ 10 ਦਿਨਾਂ 'ਚ ਐਫੀਡੇਵਿਟ ਮੰਗਿਆ ਗਿਆ ਹੈ। ਚੀਫ ਜਸਟੀਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਅਰੁਣ ਪੱਲੀ ਦੀ ਡਵੀਜ਼ਨ ਬੈਂਚ ਨੇ ਇਹ ਨੋਟਿਸ ਲਿਆ ਹੈ। ਧਿਆਨ ਯੋਗ ਹੈ ਕਿ ਮਾਮਲੇ ਵਿਚ ਹਾਲ ਹੀ 'ਚ ਹਰਿਆਣਾ ਪੁਲਸ ਨੇ ਕਥਿਤ ਗੈਂਗਰੇਪ ਮਾਮਲੇ ਵਿਚ ਪੀੜਤਾ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਔਰਤ ਦੇ ਪਤੀ ਨੇ ਪੁਲਸ ਦੇ ਸਾਹਮਣੇ ਕਿਹਾ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਦੇਹ ਵਪਾਰ ਲਈ ਹੋਟਲ ਵਿਚ ਸੰਨੀ ਕੋਲ ਭੇਜਿਆ ਸੀ, ਜਿਸ ਲਈ ਬਾਕਾਇਦਾ ਰੇਟ ਵੀ ਫਿਕਸ ਹੋਇਆ ਸੀ। ਇਸ ਤੋਂ ਪਹਿਲਾਂ ਮਾਮਲੇ ਵਿਚ ਗੈਸਟ ਹਾਊਸ ਦੇ ਆਪ੍ਰੇਟਰ ਸੰਨੀ ਨੂੰ ਰਿਮਾਂਡ 'ਤੇ ਲਿਆ ਸੀ। ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਕਰ ਰਹੀ ਹੈ। ਉਥੇ ਹੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਪੀੜਤਾ ਨੂੰ ਸੰਨੀ ਨੇ ਆਪਣੇ ਫਾਰਮ ਹਾਊਸ ਵਿਚ ਕੰਮ ਦਿਵਾਉਣ ਲਈ ਬੁਲਾਇਆ ਸੀ ਪਰ ਉਹ ਉਸ ਨੂੰ ਗੈਸਟ ਹਾਊਸ ਲੈ ਗਿਆ, ਜਿਥੇ 4 ਦਿਨਾਂ ਵਿਚ 50 ਦੇ ਲਗਭਗ ਲੋਕਾਂ ਨੇ ਉਸ ਨਾਲ ਰੇਪ ਕੀਤਾ। ਜਿਥੋਂ ਪੀੜਤਾ 18 ਜੁਲਾਈ ਨੂੰ ਬਚ ਕੇ ਭੱਜੀ। ਮਾਮਲੇ ਵਿਚ ਸੰਨੀ ਸਮੇਤ 7 ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਕੇਸ ਦੀ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ।


Related News