ਜੇਲ 'ਚੋਂ ਪੈਰੋਲ ਲੈ ਕੇ ਭਗੌੜਾ ਹੋਇਆ ਗੈਂਗਸਟਰ ਚੜਿਆ ਪੁਲਸ ਅੜਿੱਕੇ

Saturday, Jul 01, 2017 - 09:16 PM (IST)

ਜੇਲ 'ਚੋਂ ਪੈਰੋਲ ਲੈ ਕੇ ਭਗੌੜਾ ਹੋਇਆ ਗੈਂਗਸਟਰ ਚੜਿਆ ਪੁਲਸ ਅੜਿੱਕੇ

ਤਲਵੰਡੀ ਸਾਬੋ (ਮੁਨੀਸ਼)— ਜ਼ਿਲਾ ਪੁਲਸ ਕਪਤਾਨ ਸ੍ਰੀ ਨਵੀਨ ਜ਼ਿੰਦਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਤਲਵੰਡੀ ਸਾਬੋ ਪੁਲਸ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਦੋਂ ਅੱਜ ਇੱਕ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਮਾਨਸਾ ਜੇਲ੍ਹ ਵਿੱਚੋਂ ਪੈਰੋਲ ਲੈਣ ਤੋਂ ਬਾਦ ਭਗੌੜੇ ਹੋਏ ਇੱਕ ਗੈਂਗਸਟਰ ਨੂੰ ਨੇੜਲੇ ਪਿੰਡ ਭਾਗੀਵਾਂਦਰ ਤੋਂ ਕਾਬੂ ਕਰ ਲਿਆ।

PunjabKesari
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ ਕਾਲਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਭਾਗੀਵਾਂਦਰ ਖਿਲਾਫ ਥਾਣਾ ਕੈਂਟ ਅੰਮ੍ਰਿਤਸਰ ਸਾਹਿਬ 'ਚ ਮੁਕੱਦਮਾ ਦਰਜ ਹੋਇਆ ਸੀ, ਜਿਸ 'ਚ ਮਾਣਯੋਗ ਅਦਾਲਤ ਸ੍ਰੀ ਕੇ.ਕੇ.ਗੋਇਲ ਐਡੀਸ਼ਨਲ ਸ਼ੈਸਨ ਜੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਦੋਸ਼ੀ ਬਲਜੀਤ ਸਿੰਘ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਇਸੇ ਤਰ੍ਹਾਂ ਥਾਣਾ ਮੌੜ (ਬਠਿੰਡਾ) ਵਿਖੇ ਮਾਮਲਾ ਦਰਜ ਹੋਇਆ ਸੀ, ਜਿਸ 'ਚ ਮਾਣਯੋਗ ਅਦਾਲਤ ਸ੍ਰੀ ਅਮਰਜੀਤ ਸਿੰਘ ਐਡੀਸ਼ਨਲ ਸ਼ੈਸਨ ਜੱਜ ਬਠਿੰਡਾ ਵਲੋਂ ਦੋਸ਼ੀ ਬਲਜੀਤ ਸਿੰਘ ਨੂੰ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਤਲਵੰਡੀ ਸਾਬੋ ਥਾਣੇ 'ਚ ਦਰਜ ਮਾਮਲੇ 'ਚ ਮਾਨਯੋਗ ਅਦਾਲਤ ਸ੍ਰੀਮਤੀ ਮੰਜੂ ਰਾਣੀ ਵਲੋਂ ਦੋਸ਼ੀ ਬਲਜੀਤ ਸਿੰਘ ਨੂੰ 20 ਸਾਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਡੀ.ਐੱਸ.ਪੀ ਸਾਹਿਬ ਦੇ ਦੱਸਣ ਅਨੁਸਾਰ ਬਲਜੀਤ ਸਿੰਘ ਉਰਫ ਕਾਲਾ ਸਿੰਘ ਨੂੰ 6 ਹਫਤਿਆਂ (42 ਦਿਨਾਂ) ਦੀ ਪੈਰੋਲ ਦਿੱਤੀ ਗਈ ਸੀ ਤੇ ਇਸਨੇ ਵਾਪਿਸ 16-05-2017 ਨੂੰ ਜੇਲ੍ਹ ਜਾਣਾ ਸੀ ਪਰ ਉਕਤ ਬਲਜੀਤ ਸਿੰਘ ਵਾਪਿਸ ਮਾਨਸਾ ਜੇਲ੍ਹ ਨਹੀ ਪੁੱਜਾ ਤੇ ਭਗੌੜਾ ਹੋ ਗਿਆ। 
ਡੀ.ਐੱਸ.ਪੀ ਬਰਿੰਦਰ ਸਿੰਘ ਗਿੱਲ ਅਨੁਸਾਰ ਬਲਜੀਤ ਸਿੰਘ ਸੀ-ਕੈਟਾਗਰੀ ਦਾ ਗੈਂਗਸਟਰ ਹੈ ਤੇ ਪੁਲਸ ਨੂੰ ਇਹ ਲੋੜੀਂਦਾ ਸੀ।ਅੱਜ ਮੁਖਬਰੀ ਮਿਲਣ 'ਤੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਉਸ ਨੂੰ ਪਿੰਡ ਭਾਗੀਵਾਂਦਰ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲ਼ਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਤਲਵੰਡੀ ਸਾਬੋ 'ਚ ਮਾਮਲਾ ਦਰਜ ਕਰ ਲ਼ਿਆ ਗਿਆ ਹੈ ਤੇ ਅਦਾਲਤ 'ਚ ਪੇਸ਼ ਕਰਨ ਉਪਰੰਤ ਉਸ ਦਾ ਰਿਮਾਂਡ ਮੰਗਿਆ ਜਾਵੇਗਾ ਤੇ ਪਤਾ ਕੀਤਾ ਜਾਵੇਗਾ ਕਿ ਉਸ ਨੂੰ ਕਿਸ ਵਿਅਕਤੀ ਨੇ ਪਨਾਹ ਦਿੱਤੀ ਤੇ ਉਹ ਕਿੱਥੇ-ਕਿੱਥੇ ਰਿਹਾ।


Related News