5 ਦੋਸ਼ੀਆਂ ਨੂੰ 25-25 ਸਾਲ ਦੀ ਸਜ਼ਾ, ਹਰੇਕ ਨੂੰ 2.15 ਲੱਖ ਜੁਰਮਾਨਾ ਵੀ
Wednesday, Feb 28, 2018 - 08:07 AM (IST)

ਚੰਡੀਗੜ੍ਹ (ਸੰਦੀਪ) - ਨਾਬਾਲਗਾ ਨੂੰ ਅਗਵਾ ਕਰਨ ਤੇ ਗੈਂਗਰੇਪ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਪੰਜ ਦੋਸ਼ੀਆਂ ਨੂੰ 25-25 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੌਲੀਜਾਗਰਾਂ ਨਿਵਾਸੀ ਚੰਦਰ ਸ਼ੇਖਰ, ਮਨੀਮਾਜਰਾ ਨਿਵਾਸੀ ਬੰਸੀ, ਪਿੰਡ ਫੈਦਾ ਦੇ ਸੁਰਜੀਤ ਸਿੰਘ, ਸ਼ੇਖਰ ਰਾਣਾ ਤੇ ਮੋਹਾਲੀ ਦੇ ਸਹਿਲ ਵਰਮਾ ਨੂੰ ਸਜ਼ਾ ਦੇ ਨਾਲ-ਨਾਲ 2.15-2.15 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਨੇ ਹਰ ਦੋਸ਼ੀ ਦੀ ਜੁਰਮਾਨਾ ਰਾਸ਼ੀ ਵਿਚੋਂ 2-2 ਲੱਖ ਬਤੌਰ ਮੁਆਵਜ਼ਾ ਪੀੜਤਾ ਨੂੰ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪੂਨਮ ਆਰ. ਜੋਸ਼ੀ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਸ਼ੀਆਂ ਵਿਚ ਤਿੰਨ 22 ਸਾਲ ਤੇ 35 ਸਾਲ ਦੇ ਹਨ। ਦੱਸਣਯੋਗ ਹੈ ਕਿ ਦੋਸ਼ੀਆਂ ਨੇ ਟਿਊਸ਼ਨ ਤੋਂ ਵਾਪਸ ਆ ਰਹੀ 17 ਸਾਲਾਂ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਗੈਂਗਰੇਪ ਕੀਤਾ ਸੀ।
ਇਨ੍ਹਾਂ ਧਾਰਾਵਾਂ 'ਚ ਦਿੱਤਾ ਦੋਸ਼ੀ ਕਰਾਰ
* ਆਈ. ਪੀ. ਸੀ. ਦੀ ਧਾਰਾ-363 ਤਹਿਤ 4 ਸਾਲ ਤੇ 5 ਹਜ਼ਾਰ ਜੁਰਮਾਨਾ
* ਆਈ. ਪੀ. ਸੀ. ਦੀ ਧਾਰਾ-366 ਤਹਿਤ 5 ਸਾਲ ਤੇ 10 ਹਜ਼ਾਰ ਜੁਰਮਾਨਾ
* ਆਈ. ਪੀ. ਸੀ. ਦੀ ਧਾਰਾ (ਡੀ) ਤਹਿਤ 25 ਸਾਲ ਤੇ ਦੋ ਲੱਖ ਜੁਰਮਾਨਾ
ਦੋਸ਼ੀਆਂ ਨੇ ਅਦਾਲਤ ਨੂੰ ਕੀਤੀ ਸੀ ਨਰਮੀ ਦੀ ਅਪੀਲ
ਆਦਲਤ ਵਿਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਤਿੰਨਾਂ ਦੋਸ਼ੀਆਂ ਨੇ ਅਦਾਲਤ ਵਿਚ ਪਰਿਵਾਰ ਤੇ ਛੋਟੇ ਬੱਚਿਆਂ ਦੀ ਦੁਹਾਈ ਦਿੰਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਵਿਚ ਨਰਮੀ ਵਰਤਣ ਦੀ ਅਪੀਲ ਕੀਤੀ। ਦੋਸ਼ੀ ਸ਼ੇਖਰ ਰਾਜਾ ਨੇ ਜੱਜ ਕੋਲ 5 ਦਿਨ ਪਹਿਲਾਂ ਜਨਮੀ ਬੱਚੀ ਦੀ ਦਲੀਲ ਰੱਖਦਿਆਂ ਉਸ ਨੂੰ ਘੱਟ ਤੋਂ ਘੱਟ ਸਜ਼ਾ ਦੇਣ ਦੀ ਅਪੀਲ ਕੀਤੀ। ਚੰਦਰ ਸ਼ੇਖਰ ਨੇ ਅਦਾਲਤ ਵਿਚ ਅਪੀਲ ਕੀਤੀ ਕਿ ਉਸ ਦੇ ਪਿਤਾ ਪੀ. ਜੀ. ਆਈ. ਵਿਚ ਐਮਰਜੈਂਸੀ ਵਿਚ ਭਰਤੀ ਹਨ ਤੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ 'ਤੇ ਹੈ। ਉਥੇ ਹੀ ਬੰਸੀ ਨੇ ਅਦਾਲਤ ਤੋਂ ਆਪਣੇ ਤਿੰਨ ਛੋਟੇ-ਛੋਟੇ ਬੱਚਿਆਂ ਦਾ ਪਿਤਾ ਹੋਣ ਦੀ ਗੱਲ ਕਹਿੰਦਿਆਂ ਨਰਮੀ ਦੀ ਅਪੀਲ ਕੀਤੀ।
ਕੋਰਟ ਰੂਮ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚੇ ਸਨ ਦੋਸ਼ੀਆਂ ਦੇ ਪਰਿਵਾਰ
ਦੋਸ਼ੀਆਂ ਨੂੰ ਕੋਰਟ ਰੂਮ ਵਿਚ ਪੁਲਸ ਦੀ ਸਖ਼ਤ ਸੁਰੱਖਿਆ ਵਿਚ ਲਿਆਂਦਾ ਗਿਆ। ਇਸ ਦੌਰਾਨ ਕੋਰਟ ਰੂਮ ਦੇ ਬਾਹਰ ਸਾਰੇ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਦੀ ਵਧਦੀ ਹੋਈ ਗਿਣਤੀ ਨੂੰ ਦੇਖਦਿਆਂ ਕੋਰਟ ਰੂਮ ਦੇ ਬਾਹਰ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ। ਇਸ ਦੌਰਾਨ ਮਹਿਲਾ ਪੁਲਸ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ। ਅਦਾਲਤ ਨੇ ਜਿਵੇਂ ਹੀ ਦੋਸ਼ੀਆਂ ਨੂੰ 25 ਸਾਲ ਦੀ ਸਜ਼ਾ ਸੁਣਾਈ, ਕੋਰਟ ਰੂਮ ਦੇ ਬਾਹਰ ਦੋਸ਼ੀਆਂ ਦੇ ਪਰਿਵਾਰ ਵਾਲੇ ਵਿਲਕਣ ਲਗ ਪਏ। ਇਸ ਦੌਰਾਨ ਇਕ ਔਰਤ ਰੋਂਦੀ-ਰੋਂਦੀ ਬੇਹੋਸ਼ ਹੋ ਗਈ।
ਇਹ ਹੈ ਮਾਮਲਾ
ਮਨੀਮਾਜਰਾ ਥਾਣਾ ਪੁਲਸ ਨੇ ਸਾਰਿਆਂ ਖਿਲਾਫ ਸਤੰਬਰ 2015 ਵਿਚ ਮਾਮਲਾ ਦਰਜ ਕੀਤਾ ਸੀ। 12 ਸਤੰਬਰ, 2015 ਨੂੰ ਦਰਜ ਕੀਤੇ ਗਏ ਮਾਮਲੇ ਤਹਿਤ ਪੀੜਤਾ 11 ਸਤੰਬਰ ਸ਼ਾਮ ਨੂੰ ਕਰੀਬ 7 ਵਜੇ ਟਿਊਸ਼ਨ ਪੜ੍ਹਨ ਜਾ ਰਹੀ ਸੀ, ਜਿਵੇਂ ਹੀ ਉਹ ਪਾਰਕ ਨੇੜੇ ਪਹੁੰਚੀ ਤਾਂ ਇਕ ਚਿੱਟੇ ਰੰਗ ਦੀ ਗੱਡੀ ਰੁਕੀ ਤੇ ਇਕ ਲੜਕੇ ਨੇ ਜ਼ਬਰਦਸਤੀ ਹੱਥ ਫੜ ਕੇ ਉਸਨੂੰ ਕਾਰ ਵਿਚ ਬਿਠਾ ਲਿਆ ਤੇ ਉਸ ਦੇ ਮੂੰਹ ਵਿਚ ਕੱਪੜਾ ਪਾ ਦਿੱਤਾ।
ਦੋਸ਼ੀਆਂ ਨੇ ਉਸ ਨੂੰ ਰੇਲਵੇ ਸਟੇਸ਼ਨ ਦੇ ਕੋਲ ਜੰਗਲ ਵਿਚ ਲਿਜਾ ਕੇ ਉਸ ਨਾਲ ਵਾਰੀ-ਵਾਰੀ ਰੇਪ ਕੀਤਾ ਤੇ ਫਰਾਰ ਹੋ ਗਏ। ਲੜਕੀ ਰਾਤ 11 ਵਜੇ ਕਿਸੇ ਤਰ੍ਹਾਂ ਘਰ ਪਹੁੰਚੀ ਤੇ ਆ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ।