ਪੰਜਾਬ ''ਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ

Thursday, May 04, 2023 - 04:32 PM (IST)

ਪੰਜਾਬ ''ਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਖੰਨਾ (ਵਿਪਨ) : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰੰਥੀ ਨਿਕਲਿਆ। ਖੰਨਾ ਪੁਲਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਗ੍ਰੰਥੀ ਸਮੇਤ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕੀਤੇ। ਇਹ ਸਾਰੇ ਵਿਅਕਤੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸੀ। ਫੜ੍ਹੇ ਗਏ ਗਿਰੋਹ ਮੈਂਬਰਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਚੋਰੀ ਅਤੇ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ। ਐੱਸ. ਪੀ. (ਆਈ) ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਸਿਟੀ ਥਾਣਾ 2 ਦੀ ਪੁਲਸ ਨੇ ਅਮਲੋਹ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਦੀ ਸੂਚਨਾ 'ਤੇ ਮੰਡੀ ਗੋਬਿੰਦਗੜ੍ਹ ਦੇ ਇਕਬਾਲ ਨਗਰ ਵਾਸੀ ਰਵੀ ਕਾਂਤ ਅਤੇ ਰੂਪ ਨਗਰ ਮੰਡੀ ਗੋਬਿੰਦਗੜ੍ਹ ਵਾਸੀ ਵਰਿੰਦਰ ਸਿੰਘ ਨੂੰ ਚੋਰੀ ਦੇ ਪਲਾਟੀਨਾ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਹੋਏ ਸੀ। ਇਨ੍ਹਾਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਚੋਰੀ ਕੀਤੇ ਮੋਟਰਸਾਈਕਲ ਲਵਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਅੰਮ੍ਰਿਤਸਰ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ, ਨੂੰ ਵੇਚੇ ਜਾਂਦੇ ਸੀ। ਪੁਲਸ ਨੇ ਗ੍ਰੰਥੀ ਲਵਪ੍ਰੀਤ ਸਿੰਘ ਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਉਸ ਕੋਲੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕੀਤੇ। ਗ੍ਰੰਥੀ ਦਾ ਰਿਮਾਂਡ ਲੈਣ ਉਪਰੰਤ ਪੁੱਛਗਿੱਛ ਦੌਰਾਨ ਇਹ ਗੱਲ ਸਾਮਣੇ ਆਈ ਕਿ ਰਾਮ ਕ੍ਰਿਸ਼ਨ ਉਰਫ਼ ਰਾਮਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੀ ਚੋਰੀ ਦੇ ਮੋਟਰਸਾਈਕਲ ਵੇਚੇ ਜਾਂਦੇ ਸੀ। ਇਸ ਉਪਰੰਤ ਰਾਮਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਮਾਮਲੇ ਚ ਪੁਲਸ ਨੇ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਚੋਰੀ ਕੀਤੇ ਗਏ ਸੀ। 
26 ਤੋਂ 36 ਸਾਲ ਦਰਮਿਆਨ ਉਮਰ
ਖੰਨਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰੇ ਕਥਿਤ ਦੋਸ਼ੀਆਂ ਦੀ ਉਮਰ 26 ਤੋਂ 26 ਸਾਲ ਦਰਮਿਆਨ ਹੈ। ਇਹ ਸਾਰੇ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸੀ। ਮੋਟਰਸਾਈਕਲ ਚੋਰੀ ਕਰਨ ਉਪਰੰਤ ਇਨ੍ਹਾਂ ਨੂੰ ਵੇਚ ਕੇ ਜੋ ਪੈਸੇ ਮਿਲਦੇ ਸੀ, ਉਸ ਦਾ ਨਸ਼ਾ ਖ਼ਰੀਦਿਆ ਜਾਂਦਾ ਸੀ। ਚਾਰੇ ਕਥਿਤ ਦੋਸ਼ੀਆਂ ਚੋਂ ਇੱਕ ਗ੍ਰੰਥੀ ਨਿਕਲਿਆ। ਇੱਕ ਪੇਂਟਰ ਅਤੇ ਬਾਕੀ 2 ਦਿਹਾੜੀਦਾਰ ਨਿਕਲੇ। 
ਪਹਿਲਾਂ ਵੀ ਦਰਜ ਹਨ ਮੁਕੱਦਮੇ
ਰਵੀ ਕਾਂਤ ਉਰਫ਼ ਰਵੀ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਦੇ ਖ਼ਿਲਾਫ਼ 15 ਮਾਰਚ, 2013 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਵਰਿੰਦਰ ਸਿੰਘ ਵਾਸੀ ਰੂਪਨਗਰ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਖ਼ਿਲਾਫ਼ 6 ਜੁਲਾਈ, 2022 ਨੂੰ ਥਾਣਾ ਸਿਟੀ ਕੁਰਾਲੀ ਵਿਖੇ ਲੁੱਟ-ਖੋਹ ਅਤੇ ਸਾਜ਼ਿਸ਼ ਰਚਣ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਅੰਮ੍ਰਿਤਸਰ ਖ਼ਿਲਾਫ਼ 19 ਸਤੰਬਰ, 2021 ਨੂੰ ਥਾਣਾ ਅਮਰਗੜ੍ਹ ਵਿਖੇ ਚੋਰੀ ਅਤੇ ਧੋਖਾਧੜੀ ਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਰਾਮ ਕ੍ਰਿਸ਼ਨ ਉਰਫ਼ ਰਾਮਾ ਵਾਸੀ ਮੰਡੀ ਗੋਬਿੰਦਗੜ੍ਹ ਖ਼ਿਲਾਫ਼ 7 ਫਰਵਰੀ, 2013 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।


 


author

Babita

Content Editor

Related News