ਪੰਜਾਬ ’ਚ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਸਮੇਤ 2 ਕਾਬੂ

01/10/2021 1:11:58 AM

ਅੰਮ੍ਰਿਤਸਰ, (ਸੰਜੀਵ)– ਪੰਜਾਬ ਵਿਚ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਮੱਧ ਪ੍ਰਦੇਸ਼ ਦੇ ਖਾਰਗੋਨ ਵਿਚ ਕੀਤੇ ਗਏ ਇਕ ਆਪ੍ਰੇਸ਼ਨ ਦੌਰਾਨ ਮਹੇਸ਼ ਸਿਲੋਟੀਆ ਅਤੇ ਜੱਗੂ ਨੂੰ ਉਨ੍ਹਾਂ ਦੇ ਪਿੰਡ 'ਚੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 12 ਅਤੇ 32 ਬੋਰ ਦੀਆਂ 12 ਪਿਸਤੌਲਾਂ ਸਮੇਤ 15 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਫਿਲਹਾਲ ਦਿਹਾਤੀ ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਥਾਣਾ ਘਰਿੰਡਾ 'ਚ 10 ਦਸੰਬਰ 2020 ਨੂੰ ਦਰਜ ਮਾਮਲੇ 'ਚ ਗ੍ਰਿਫ਼ਤਾਰੀ ਪਾਈ ਹੈ। ਉਨ੍ਹਾਂ ਨੂੰ ਕੱਲ ਖਾਰਗੋਨ ਦੀ ਅਦਾਲਤ ਵਿਚ ਪੇਸ਼ ਕਰ ਕੇ ਟਰਾਂਜਿਟ ਵਾਰੰਟ ਲੈਣ ਤੋਂ ਬਾਅਦ ਅੰਮ੍ਰਿਤਸਰ ਲਿਆਂਦਾ ਜਾਵੇਗਾ।

ਮੱਧ ਪ੍ਰਦੇਸ਼ ਵਿਚ ਚੱਲ ਰਹੇ ਇਸ ਆਪ੍ਰੇਸ਼ਨ ਨੂੰ ਦਿਹਾਤੀ ਪੁਲਸ ਦੇ ਡੀ. ਐੱਸ. ਪੀ. ਗੁਰਿੰਦਰ ਨਾਗਰਾ ਲੀਡ ਕਰ ਰਹੇ ਹਨ। ਇਹ ਖੁਲਾਸਾ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਦਿਹਾਤੀ ਪੁਲਸ ਵੱਲੋਂ ਹਾਲ ਹੀ ਵਿਚ 32 ਬੋਰ ਦੇ 4 ਪਿਸਤੌਲ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਸਰਗਣੇ ਰਾਹੁਲ ਅਤੇ ਗੋਪਾਲ ਸਿੰਘ ਸਿਕਲੀਗਰ ਦਾ ਨਾਂ ਸਾਹਮਣੇ ਆਇਆ।

ਗੁਰਿੰਦਰ ਨਾਗਰਾ ਦੀ ਅਗਵਾਈ ਵਿਚ ਪੁਲਸ ਫੋਰਸ ਮੱਧ ਪ੍ਰਦੇਸ਼ ਦੇ ਖਾਰਗੋਨ ਪਿੰਡ ਵਿਚ ਗਈ, ਜਿੱਥੋਂ ਰਾਹੁਲ ਦੇ 2 ਗੁਰਗਿਆਂ ਮਹੇਸ਼ ਅਤੇ ਜੱਗੂ ਨੂੰ ਗ੍ਰਿਫ਼ਤਾਰ ਕੀਤਾ। ਸਤੰਬਰ 2020 ਵਿਚ ਪਟਿਆਲਾ ਪੁਲਸ ਵੱਲੋਂ 32 ਬੋਰ ਦੇ 6 ਪਿਸਤੌਲ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਨੂੰ ਰਾਹੁਲ ਗੈਂਗ ਵੱਲੋਂ ਪੰਜਾਬ ਵਿਚ ਭੇਜਿਆ ਗਿਆ ਸੀ। ਹੁਣ ਤਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਧ ਪ੍ਰਦੇਸ਼ ਤੋਂ ਹਥਿਆਰ ਭੇਜਣ ਵਾਲਾ ਰਾਹੁਲ ਅਤੇ ਗੋਪਾਲ ਪੰਜਾਬ ਦੇ ਖਤਰਨਾਕ ਗੈਂਗਸਟਰਾਂ ਦੇ ਸੰਪਰਕ ਵਿਚ ਹੈ। ਰਾਹੁਲ 2019 ਵਿਚ ਦਿਹਾਤੀ ਪੁਲਸ ਵੱਲੋਂ ਡ੍ਰੋਨ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਆਕਾਸ਼ਦੀਪ ਸਿੰਘ ਦੇ ਸੰਪਰਕ ਵਿਚ ਵੀ ਹੈ। ਆਕਾਸ਼ਦੀਪ ਅੰਮ੍ਰਿਤਸਰ ਜੇਲ ਵਿਚ ਬੰਦ ਹੈ।

ਦਿਹਾਤੀ ਪੁਲਸ ਦਾ ਆਪ੍ਰੇਸ਼ਨ ਖਾਰਗੋਨ ਵਿਚ ਜਾਰੀ ਹੈ ਅਤੇ ਗਿਰੋਹ ਦੇ ਸਰਗਣੇ ਰਾਹੁਲ ਅਤੇ ਉਸਦੇ ਸਾਥੀ ਗੋਪਾਲ ਸਿੰਘ ਨੂੰ ਵੀ ਫੜਨ ਲਈ ਕੋਸ਼ਿਸ਼ ਜਾਰੀ ਹੈ।
 


Bharat Thapa

Content Editor

Related News