ਖੰਨਾ ਪੁਲਸ ਵੱਲੋਂ ਨੈਸ਼ਨਲ ਹਾਈਵੇ ''ਤੇ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼

12/22/2023 4:04:17 PM

ਖੰਨਾ (ਵਿਪਨ) : ਖੰਨਾ ਪੁਲਸ ਨੇ ਨੈਸ਼ਨਲ ਹਾਈਵੇ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਬਲਦੇਵ ਢਾਬੇ 'ਚ ਇਹ ਅੱਡਾ ਚੱਲ ਰਿਹਾ ਸੀ। ਢਾਬੇ ਦੀ ਆੜ 'ਚ ਲੋਕਾਂ ਨੂੰ ਵੱਡੇ ਪੱਧਰ ’ਤੇ ਜੂਏ ਲਈ ਥਾਂ ਮੁਹੱਈਆ ਕਰਵਾਈ ਜਾਂਦੀ ਸੀ। ਕਈ ਜ਼ਿਲ੍ਹਿਆਂ ਤੋਂ ਲੋਕ ਇੱਥੇ ਜੂਆ ਖੇਡਣ ਲਈ ਆਉਂਦੇ ਸਨ। ਪੁਲਸ ਨੇ ਇੱਥੇ ਛਾਪੇਮਾਰੀ ਦੌਰਾਨ ਕਈ ਕਾਰੋਬਾਰੀਆਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਢਾਬਾ ਮਾਲਕ ਆਪਣੇ ਸਾਥੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ 8 ਲੱਖ 56 ਹਜ਼ਾਰ, 580 ਰੁਪਏ ਵੀ ਬਰਾਮਦ ਕੀਤੇ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸ. ਪੀ. (ਆਈ) ਡਾ. ਪ੍ਰੱਗਿਆ ਜੈਨ ਅਤੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਪੁਲਸ ਟੀਮ ਨੇ ਛਾਪੇਮਾਰੀ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ। ਢਾਬਾ ਮਾਲਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਚਕੋਹੀ ਅਤੇ ਉਸਦਾ ਸਾਥੀ ਕਸ਼ਿਸ਼ ਕੁਮਾਰ ਵਾਸੀ ਖੰਨਾ ਫ਼ਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਕੁੱਝ ਪੁਲਸ ਅਧਿਕਾਰੀਆਂ ਦੀ ਕਾਰਜਸ਼ੈਲੀ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ।

ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਖ਼ੁਦ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਦਰ ਥਾਣਾ ਖੇਤਰ ਵਿੱਚ ਜੀ. ਟੀ. ਰੋਡ ਦੇ ਕਿਨਾਰੇ ਇੰਨੇ ਵੱਡੇ ਪੱਧਰ ’ਤੇ ਜੂਏ ਦਾ ਅੱਡਾ ਚੱਲ ਰਿਹਾ ਸੀ ਕਿ ਸਬੰਧਿਤ ਥਾਣੇ ਦੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸਦੀ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਖੰਨਾ ਪੁਲਸ ਦੀ ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਨੇ ਸਾਂਝੇ ਤੌਰ 'ਤੇ ਸੂਚਨਾ ਹਾਸਲ ਕਰਕੇ ਕਾਰਵਾਈ ਕੀਤੀ। ਜਿਸ ਕਾਰਨ ਸਬੰਧਿਤ ਥਾਣੇ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਬਲਦੇਵ ਢਾਬਾ ਮਾਲਕ ਗੁਰਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ। 12 ਫਰਵਰੀ, 2023 ਨੂੰ ਸਦਰ ਪੁਲਸ ਨੇ ਗੁਰਪ੍ਰੀਤ ਸਿੰਘ ਖ਼ਿਲਾਫ਼ ਢਾਬੇ ਵਿੱਚ ਜੂਆ ਖੇਡਣ ਲਈ ਥਾਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਸ ਸਮੇਂ 68 ਹਜ਼ਾਰ ਰੁਪਏ ਮਿਲੇ ਸਨ। ਗੁਰਪ੍ਰੀਤ ਖ਼ਿਲਾਫ਼ ਲੜਾਈ ਝਗੜੇ ਦੇ ਵੀ ਕੇਸ ਦਰਜ ਹਨ। ਢਾਬੇ 'ਤੇ ਸ਼ਰਾਬ ਵੇਚਣ ਦਾ ਮਾਮਲਾ ਵੀ ਦਰਜ ਹੈ।


Babita

Content Editor

Related News