ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸੂਰੀ ਕਤਲਕਾਂਡ 'ਚ 'ਆਪ' ਦੀ ਮਿਲੀਭੁਗਤ ਵਾਲੀ ਚੁੱਪ 'ਤੇ ਚੁੱਕੇ ਸਵਾਲ

11/05/2022 9:26:31 PM

ਚੰਡੀਗੜ੍ਹ (ਬਿਊਰੋ) : ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਆਗੂਆਂ ਦੀ ‘ਅਪਰਾਧਿਕ ਅਤੇ ਮਿਲੀਭੁਗਤ ਵਾਲੀ ਚੁੱਪੀ' ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਮਾਮਲੇ ’ਤੇ ਚੁੱਪੀ ਮਿਲੀਭੁਗਤ ਦੇ ਬਰਾਬਰ ਹੈ।  ਉਨ੍ਹਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ 'ਆਪ' ਆਗੂਆਂ ਨੇ ਇਸ ਘਟਨਾ 'ਤੇ ਅਪਰਾਧਿਕ ਚੁੱਪ ਧਾਰੀ ਰੱਖੀ ਹੈ, ਜਿਸ ਤੋਂ ਉਨ੍ਹਾਂ ਨੂੰ ਹਿੱਲ ਜਾਣਾ ਚਾਹੀਦਾ ਸੀ।

ਸ਼ੇਖਾਵਤ ਨੇ ਅੰਮ੍ਰਿਤਸਰ ਵਿਚ ਸੂਰੀ ਦੀ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦੇ ਉਦੇਸ਼ ਨਾਲ ਇਕ ਅੱਤਵਾਦੀ ਗਤੀਵਿਧੀ ਹੈ।  ਇਸ ਨਾਲ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪੰਜਾਬ ਵਿਚ 1980-90 ਦੇ ਕਾਲੇ ਦਿਨਾਂ ਨੂੰ ਮੁੜ ਯਾਦ ਕਰਾ ਦਿੱਤਾ ਹੈ। ਸ਼ੇਖਾਵਤ ਨੇ ਕਿਹਾ ਕਿ ਬੁਰਾ ਹੋਣ ਦਾ ਡਰ ਸੀ ਤੇ ਬੁਰਾ ਹੋ ਰਿਹਾ ਹੈ,  ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਜਾਣੋ ਕੌਣ ਹੈ ਸੁਧੀਰ ਸੂਰੀ, ਜਿਨ੍ਹਾਂ ਦਾ ਅੰਮ੍ਰਿਤਸਰ 'ਚ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਟਾਰਗੇਟ ਕਿਲਿੰਗ ਦਾ ਮਾਮਲਾ ਹੈ, ਜਿਸ ਦਾ ਮਕਸਦ ਨਾ ਸਿਰਫ ਸੂਬੇ 'ਚ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਹੈ, ਸਗੋਂ ਲੋਕਾਂ 'ਚ ਡਰ ਦੀ ਭਾਵਨਾ ਪੈਦਾ ਕਰਨਾ ਵੀ ਹੈ, ਜਿਸ ਲਈ 'ਆਪ' ਸਰਕਾਰ ਜ਼ਿੰਮੇਵਾਰ ਹੈ। ਸੂਬੇ ਵਿਚ ਦੇਸ਼ ਵਿਰੋਧੀ ਤਾਕਤਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਅਤੇ ਇਸ ਮਾਮਲੇ 'ਤੇ 'ਆਪ' ਸਰਕਾਰ ਦੀ ਚੁੱਪੀ ਦੇ ਮੱਦੇਨਜ਼ਰ ਸੂਰੀ ਦਾ ਕਤਲ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵੱਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਵੀ ਇਸ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਆਪਣੇ ਦੇਸ਼ ਵਿਚ ਅਜਿਹੀਆਂ ਹੱਤਿਆਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਪ੍ਰਚਾਰ ਨੂੰ ਰੋਕਣਾ ਚਾਹੀਦਾ ਹੈ, ਜਿਸ ਨਾਲ ਭਾਰਤ ਪ੍ਰਭਾਵਿਤ ਹੋ ਰਿਹਾ ਹੈ।


Anuradha

Content Editor

Related News