ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੂੰ 28 ਜੂਨ ਤੱਕ ਨਿੱਜੀ ਤੌਰ ’ਤੇ ਨੋਟਿਸ ਦਾ ਜਵਾਬ ਦੇਣਾ ਪਵੇਗਾ

Wednesday, Jun 26, 2024 - 12:33 PM (IST)

ਚੰਡੀਗੜ੍ਹ (ਹਾਂਡਾ) : ਪ੍ਰਸ਼ਾਸਨ ਵੱਲੋਂ ਸੈਕਟਰ-53 ਅਤੇ 54 'ਚ ਐਕੁਆਇਰ ਕੀਤੀ ਜ਼ਮੀਨ ਵਿਚੋਂ ਫਰਨੀਚਰ ਮਾਰਕੀਟ ਨੂੰ 28 ਜੂਨ ਤੱਕ ਹਟਾਉਣ ਦੇ ਦਿੱਤੇ ਨੋਟਿਸ ਦੇ ਜਵਾਬ 'ਚ ਮੰਗਲਵਾਰ ਨੂੰ ਸੈਕਟਰ-53 ਸਥਿਤ ਫਰਨੀਚਰ ਮਾਰਕੀਟ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ 'ਚ ਮੁਲਾਕਾਤ ਕੀਤੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ 28 ਜੂਨ ਤੋਂ ਪਹਿਲਾਂ-ਪਹਿਲਾਂ ਭੂਮੀ ਐਕਵਾਇਰ ਅਫ਼ਸਰ ਨੂੰ ਆਪਣਾ ਜਵਾਬ ਦੇਣ ਲਈ ਕਿਹਾ, ਨਹੀਂ ਤਾਂ ਕਬਜ਼ਿਆਂ ਨੂੰ ਹਟਾਉਣ ਲਈ ਇਕਤਰਫ਼ਾ ਕਾਰਵਾਈ ਕੀਤੀ ਜਾਵੇਗੀ।

ਵਫ਼ਦ ਨੇ ਉਨ੍ਹਾਂ ਨੂੰ ਆਗਾਮੀ ਬਲਕ ਮਟੀਰੀਅਲ ਮਾਰਕੀਟ 'ਚ ਖੁੱਲ੍ਹੀ ਨਿਲਾਮੀ 'ਚ ਦੁਕਾਨਾਂ ਖਰੀਦਣ ਦਾ ਮੌਕਾ ਦੇਣ ਦੀ ਬੇਨਤੀ ਕੀਤੀ ਅਤੇ ਨਿਲਾਮੀ ਹੋਣ ਤੱਕ ਪ੍ਰਸ਼ਾਸਨ ਵੱਲੋਂ ਮੁਲਾਂਕਣ ਕੀਤੇ ਗਏ ਉਨ੍ਹਾਂ ਦੇ ਕਬਜ਼ੇ ਵਾਲੇ ਖੇਤਰ ਦਾ ਕਿਰਾਇਆ ਅਦਾ ਕਰਨ ਦੀ ਪੇਸ਼ਕਸ਼ ਕੀਤੀ ਪਰ ਉਕਤ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ, ਪਿੰਡ ਬਡਹੇੜੀ ਵਿਚ ਇਸ ਜ਼ਮੀਨ ਦਾ ਪੂਰਾ ਮਾਲਕ ਪ੍ਰਸ਼ਾਸਨ ਹੈ ਅਤੇ ਸਰਕਾਰੀ ਜ਼ਮੀਨ ’ਤੇ ਫਰਨੀਚਰ ਮਾਰਕੀਟ ਦਾ ਕਬਜ਼ਾ ਹੈ।

ਡਿਪਟੀ ਕਮਿਸ਼ਨਰ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਦੁਕਾਨਦਾਰਾਂ ਵੱਲੋਂ ਦਿੱਤੇ ਜਵਾਬ ਨੂੰ ਮੈਰਿਟ ਦੇ ਆਧਾਰ ’ਤੇ ਘੋਖਿਆ ਜਾਵੇਗਾ ਅਤੇ ਕਾਨੂੰਨੀ ਸਥਿਤੀ ’ਤੇ ਗੌਰ ਕਰਨ ਤੋਂ ਬਾਅਦ ਪ੍ਰਸ਼ਾਸਨ ਅੱਗੇ ਕੀ ਕਾਰਵਾਈ ਕਰਨ ਦਾ ਫ਼ੈਸਲਾ ਕਰੇਗਾ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਮੀਟਿੰਗ ਸਿਰਫ਼ ਇਸ ਮੁੱਦੇ ’ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਲਈ ਰੱਖੀ ਜਾ ਰਹੀ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਨਿੱਜੀ ਤੌਰ ’ਤੇ ਜਵਾਬ ਨਹੀਂ ਦਿੱਤਾ ਜਾਂਦਾ ਅਤੇ ਨਿਯਮਾਂ ਅਨੁਸਾਰ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਮੁੜ ਵਸੇਬੇ ਜਾਂ ਕਿਰਾਏ ਦੀ ਵਸੂਲੀ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।
 


Babita

Content Editor

Related News