ਜ਼ਮੀਨ ਹੇਠਲਾ ਪਾਣੀ ਰਿਚਾਰਜ ਕਰਨ ਤੇ ਸਿੰਜਾਈ ਨੈੱਟਵਰਕ ਦਰੁੱਸਤ ਕਰਨ ਲਈ ਦਿੱਤਾ ਜਾਵੇ ਫੰਡ : ਹਰਸਿਮਰਤ ਬਾਦਲ

Wednesday, Mar 19, 2025 - 09:02 PM (IST)

ਜ਼ਮੀਨ ਹੇਠਲਾ ਪਾਣੀ ਰਿਚਾਰਜ ਕਰਨ ਤੇ ਸਿੰਜਾਈ ਨੈੱਟਵਰਕ ਦਰੁੱਸਤ ਕਰਨ ਲਈ ਦਿੱਤਾ ਜਾਵੇ ਫੰਡ : ਹਰਸਿਮਰਤ ਬਾਦਲ

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਚੌਥੀ ਵਾਰ ਦੇ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਾਸਤੇ 5 ਹਜ਼ਾਰ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਅਤੇ ਸਿੰਜਾਈ ਨੈਟਵਰਕ ਨੂੰ ਨਵਿਆਉਣ ਲਈ 3 ਹਜ਼ਾਰ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਪ੍ਰਦਾਨ ਕਰੇ ਤੇ ਇਸਦੇ ਨਾਲ ਹੀ ਪੀਣ ਵਾਲਾ ਪਾਣੀ ਤੇ ਸਿੰਜਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

ਸੰਸਦ ਵਿਚ ਅੱਜ ਬਜਟ ’ਤੇ ਬਹੁਤ ਹੀ ਉਤਸ਼ਾਹਜਨਕ ਭਾਸ਼ਣ ਦਿੰਦਿਆਂ ਬਠਿੰਡਾ ਐੱਮਪੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪੰਜਾਬ ਨੂੰ ਕੇਂਦਰੀ ਬਜਟ ਦਾ ਸਿਰਫ 0.65 ਫੀਸਦੀ ਯਾਨੀ 125 ਕਰੋੜ ਰੁਪਏ ਹੀ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਹੈ ਜਦੋਂ ਪੰਜਾਬ ਦੇਸ਼ ਦੇ ਅਨਾਜ ਭੰਡਾਰ ਵਿਚ 40 ਫੀਸਦੀ ਹਿੱਸਾ ਪਾਉਂਦਾ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕੁੱਲ ਬਲਾਕਾਂ ਵਿਚੋਂ 78 ਫੀਸਦੀ ਵਿਚ ਪਾਣੀ ਦੇ ਹਾਲਾਤ ਬਹੁਤ ਗੰਭੀਰ ਹਨ ਤੇ 23 ਵਿਚੋਂ 18 ਜ਼ਿਲ੍ਹਿਆਂ ਵਿਚ ਪਾਣੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਸਾਡੀ ਲੋੜ ਹੈ, ਅਸੀਂ ਉਸ ਤੋਂ 65 ਫੀਸਦੀ ਤੋਂ ਜ਼ਿਆਦਾ ਦੀ ਦੁਰਵਰਤੋਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਸਿੰਜਾਈ ਨੈੱਟਵਰਕ 150 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਤੇ ਇਸਦਾ ਬਹੁਤ ਮਾੜਾ ਹਾਲ ਹੈ ਅਤੇ ਇਸਨੂੰ ਦਰੁੱਸਤ ਕਰਨ ਵਾਸਤੇ ਫੰਡਾਂ ਦੀ ਜ਼ਰੂਰਤ ਹੈ।

ਐੱਮਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਰਾਈਪੇਰੀਅਨ ਸਿਧਾਂਤ ਦੀ ਪਾਲਣਾ ਨਹੀਂ ਕੀਤੀ ਜਿਸ ਕਾਰਣ ਸੂਬੇ ਦੇ ਦਰ‌ਿਆਈ ਪਾਣੀਆਂ ਦਾ ਵੱਡਾ ਹਿੱਸਾ ਰਾਜਸਥਾਨ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਣ ਹੀ ਪੰਜਾਬ ਵਿਚ ਲੋੜ ਵੇਲੇ ਫੰਡਾਂ ਦੀ ਘਾਟ ਹੈ ਤੇ ਇਸ ਕਾਰਣ ਜ਼ਮੀਨ ਹੇਠਲੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਤੇ ਖਾਸ ਤੌਰ ’ਤੇ ਹੜ੍ਹਾਂ ਦੇ ਸਮੇਂ ਦੌਰਾਨ ਦੁਰਦਸ਼ਾ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 2023 ਵਿਚ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਮੁਰਗੀਆਂ ਤੱਕ ਦਾ ਮੁਆਵਜ਼ਾ ਦੇਣਗੇ ਪਰ ਕਿਸਾਨਾਂ ਨੂੰ ਕੱਖ ਵੀ ਨਹੀਂ ਮਿਲਿਆ। ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਤੇ ਇਸ ਮਸਲੇ ਦੇ ਹੱਲ ਵਾਸਤੇ ਕਿਸੇ ਕੌਮੀ ਪਹਿਲਕਦਮੀ ਦੀ ਘਾਟ ਦਾ ਮਸਲਾ ਚੁੱਕਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਕਾਰਣ ਕੈਂਸਰ ਦੀਆਂ ਘਟਨਾਵਾਂ ਖਾਸ ਤੌਰ ’ਤੇ ਉਹਨਾਂ ਦੇ ਹਲਕੇ ਵਿਚ ਵਧੀਆਂ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਤੇ ਮਾਈਕਰੋ ਸਿੰਜਾਈ ਵਿਵਸਥਾਵਾਂ ਵਾਸਤੇ ਵੀ ਫੰਡ ਅਲਾਟ ਹੋਣੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News