ਕਲਿੱਕ ਕਰਦਿਆਂ ਸਾਹਮਣੇ ਆਏਗੀ ਗੱਡੀ ਸਬੰਧੀ ਪੂਰੀ ਜਾਣਕਾਰੀ

Sunday, Dec 03, 2017 - 07:52 AM (IST)

ਕਲਿੱਕ ਕਰਦਿਆਂ ਸਾਹਮਣੇ ਆਏਗੀ ਗੱਡੀ ਸਬੰਧੀ ਪੂਰੀ ਜਾਣਕਾਰੀ

ਚੰਡੀਗੜ੍ਹ  (ਸੁਸ਼ੀਲ) - ਪੁਲਸ ਨਾਕਿਆਂ 'ਤੇ ਹੁਣ ਵਾਹਨ ਚਾਲਕ ਗੱਡੀਆਂ ਦੇ ਮਾਲਕਾਂ ਦੀ ਗਲਤ ਜਾਣਕਾਰੀ ਨਹੀਂ ਦੇ ਸਕਣਗੇ। ਜੇਕਰ ਕੋਈ ਵਾਹਨ ਚਾਲਕ ਗੱਡੀ ਦੇ ਮਾਲਕ ਬਾਰੇ ਗਲਤ ਦੱਸੇਗਾ ਤਾਂ ਚੰਡੀਗੜ੍ਹ ਪੁਲਸ ਤੁਰੰਤ ਉਸ ਨੂੰ ਦਬੋਚ ਲਏਗੀ। ਇਸ ਲਈ ਚੰਡੀਗੜ੍ਹ ਪੁਲਸ ਨੇ ਸਾਰੇ ਥਾਣਾ ਇੰਚਾਰਜਾਂ ਨੂੰ ਟੈਬ ਦਿੱਤੇ ਹਨ। ਟੈਬ ਰਾਹੀਂ ਚੰਡੀਗੜ੍ਹ ਪੁਲਸ ਦੇ ਥਾਣਾ ਇੰਚਾਰਜ ਨਾਕੇ ਤੋਂ ਲੰਘਣ ਵਾਲੀਆਂ ਗੱਡੀਆਂ ਦੀ ਜਾਣਕਾਰੀ ਇਕ ਕਲਿੱਕ 'ਤੇ ਹਾਸਿਲ ਕਰ ਸਕਣਗੇ। ਇਹ ਕਦਮ ਚੰਡੀਗੜ੍ਹ ਪੁਲਸ ਵਿਭਾਗ ਨੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚੁੱਕਿਆ ਹੈ।
ਚੰਡੀਗੜ੍ਹ ਪੁਲਸ ਵਲੋਂ ਸਾਰੇ (17) ਥਾਣਾ ਇੰਚਾਰਜਾਂ ਨੂੰ ਦਿੱਤੇ ਗਏ ਟੈਬਾਂ ਵਿਚ ਵਾਹਨ ਚੋਰ ਦੀ ਜਾਣਕਾਰੀ ਦੇਣ ਵਾਲੇ ਸਾਰੇ ਐਪਸ ਡਾਊਨਲੋਡ ਹਨ। ਇਸ ਤੋਂ ਇਲਾਵਾ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਤੋਂ ਚੋਰੀ ਹੋਏ ਵਾਹਨਾਂ ਦੀ ਲਿਸਟ ਹੈ। ਜੇਕਰ ਕੋਈ ਵਾਹਨ ਚਾਲਕ ਚੋਰੀ ਕੀਤੀ ਹੋਈ ਗੱਡੀ ਵਿਚ ਸਫ਼ਰ ਕਰਦਾ ਹੋਇਆ ਲੰਘੇਗਾ ਤਾਂ ਚੰਡੀਗੜ੍ਹ ਪੁਲਸ ਉਸ ਨੂੰ ਦਬੋਚ ਲਏਗੀ।
ਨਾਕੇ ਦੇ ਇੰਚਾਰਜ ਨੂੰ ਰੱਖਣਾ ਹੋਵੇਗਾ ਕੋਲ ਟੈਬ
ਚੰਡੀਗੜ੍ਹ ਪੁਲਸ ਨੂੰ ਵਾਹਨ ਚੋਰੀ ਰੋਕਣ ਲਈ ਹਰ ਰੋਜ਼ ਆਪਣੇ ਆਪਣੇ ਇਲਾਕੇ ਵਿਚ ਨਾਕੇ ਲਾਉਣੇ ਹੋਣਗੇ। ਨਾਕਿਆਂ ਤੋਂ ਲੰਘਣ ਵਾਲੀ ਹਰ ਗੱਡੀ ਨੂੰ ਪੁਲਸ ਟੈਬ ਨਾਲ ਚੈੱਕ ਕਰੇਗੀ। ਪੁਲਸ ਟੈਬ ਵਿਚ ਡਾਊਨਲੋਡਡ ਐਪ ਵਿਚ ਨਾਕੇ ਤੋਂ ਲੰਘਣ ਵਾਲੀ ਗੱਡੀ ਦਾ ਨੰਬਰ ਪਾਏਗੀ। ਇਸ ਤੋਂ ਬਾਅਦ ਗੱਡੀ ਦੇ ਮਾਲਕ ਦਾ ਨਾਂ ਤੇ ਪਤਾ ਸਾਹਮਣੇ ਆ ਜਾਏਗਾ। ਚੰਡੀਗੜ੍ਹ ਪੁਲਸ ਦੇ ਉਚ ਅਫ਼ਸਰਾਂ ਨੂੰ ਉਮੀਦ ਹੈ ਕਿ ਸਾਰੇ ਥਾਣਾ ਇੰਚਾਰਜਾਂ ਨੂੰ ਟੈਬ ਨਾਲ ਵਾਹਨ ਚੋਰੀ ਰੋਕਣ ਵਿਚ ਫਾਇਦਾ ਹੋਵੇਗਾ।
718 ਵਾਹਨ ਚੋਰੀ ਹੋ ਚੁੱਕੇ ਹਨ ਚੰਡੀਗੜ੍ਹ 'ਚੋਂ
ਚੰਡੀਗੜ੍ਹ ਵਿਚ ਨਵੰਬਰ ਤਕ 718 ਵਾਹਨ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੋ ਤੇ ਚਾਰ ਪਹੀਆ ਵਾਹਨ ਸ਼ਾਮਲ ਹਨ। ਚੋਰੀ ਦੀਆਂ ਸਭ ਤੋਂ ਵੱਧ ਵਾਰਦਾਤਾਂ ਸਾਊਥ ਡਵੀਜ਼Îਨ ਵਿਚ ਹੋਈਆਂ ਹਨ। ਸਾਊਥ ਡਵੀਜ਼ਨ ਵਿਚੋਂ 351 ਵਾਹਨ ਚੋਰੀ ਹੋਏ। ਇਸ ਤੋਂ ਇਲਾਵਾ ਈਸਟ ਡਵੀਜ਼ਨ ਵਿਚ 195 ਵਾਹਨ ਚੋਰੀ ਹੋਏ ਹਨ। ਉਥੇ ਹੀ ਸੈਂਟਰਲ ਡਵੀਜ਼ਨ ਵਿਚ172 ਵਾਹਨ ਚੋਰੀ ਹੋਏ ਹਨ। ਵਾਹਨ ਚੋਰ ਚੰਡੀਗੜ੍ਹ 'ਚੋਂ ਜ਼ਿਆਦਾਤਰ ਘਰਾਂ ਦੇ ਬਾਹਰੋਂ ਤੇ ਪਾਰਕਿੰਗ 'ਚੋਂ ਵਾਹਨ ਚੋਰੀ ਕਰਦੇ ਹਨ।


Related News